ਖੁਦ ਮੁਖਤਿਆਰ ਸੰਸਥਾ ਖ਼ਾਲਸਾ ਕਾਲਜ ਦੀ ਹੋਂਦ ਨੂੰ ਰੱਖਿਆ ਜਾਵੇਗਾ ਬਰਕਰਾਰ – ਛੀਨਾ
ਅੰਮ੍ਰਿਤਸਰ, 29 ਜਨਵਰੀ (ਜਗਦੀਪ ਸਿੰਘ ਸੱਗੂ)- ਇਤਿਹਾਸਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਜਲਦ ਹੀ ‘ਖ਼ਾਲਸਾ ਯੂਨੀਵਰਸਿਟੀ, ਅੰਮ੍ਰਿਤਸਰ’ ਦੀ ਸਥਾਪਨਾ ਕੀਤੀ ਜਾ ਰਹੀ ਹੈ। ਲੰਬੇ ਅਰਸੇ ਤੋਂ ਲੰਬਿਤ ਇਸ ਨਵੀਂ ਬਣਨ ਵਾਲੀ ਯੂਨੀਵਰਸਿਟੀ ਵਿੱਚੋਂ ‘ਖੁਦ ਮੁਖਤਿਆਰ’ ਇਤਿਹਾਸਕ ਖ਼ਾਲਸਾ ਕਾਲਜ ਨੂੰ ਬਾਹਰ ਰੱਖਦਿਆਂ ਇਸ ਦੀ ਦਿੱਖ ਅਤੇ ਸੁਤੰਤਰ ਹੋਂਦ ਨੂੰ ਬਰਕਰਾਰ ਰੱਖਿਆ ਜਾਵੇਗਾ। ਬੀਤੇ ਦਿਨੀਂ ਪੰਜਾਬ ਸਰਕਾਰ ਦੀ ਇਕ ਉੱਚ ਪੱਧਰੀ ਟੀਮ ਨੇ ਸਿੱਖਿਆ ਸਕੱਤਰ ਸ੍ਰੀ ਅਨੁਰਾਗ ਵਰਮਾ ਦੀ ਅਗਵਾਈ ਹੇਠ ਇਸ ਸਬੰਧੀ ਤੂਫ਼ਾਨੀ ਦੌਰਾ ਕੀਤਾ ਅਤੇ ‘ਯੂਨੀਵਰਸਿਟੀ’ ਸਥਾਪਿਤ ਕਰਨ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਘੋਖ ਕੀਤੀ। ਇਹ ਟੀਮ ਪੰਜਾਬ ਸਰਕਾਰ ਨੂੰ ਆਪਣੀ ਰਿਪੋਰਟ ਜਲਦ ਪੇਸ਼ ਕਰਨ ਜਾ ਰਹੀ ਹੈ। ਜਿਸ ਉਪਰੰਤ ਸਰਕਾਰ ਯੂਨੀਵਰਸਿਟੀ ਸਬੰਧੀ ਕੋਈ ਫੈਸਲਾ ਲੈ ਸਕਦੀ ਹੈ।
ਅੱਜ ਇਕ ਜਾਰੀ ਬਿਆਨ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਕਾਲਜ ਵਿੱਦਿਆ ਦੇ ਖੇਤਰ ਦਾ ਚਾਨਣ ਮੁਨਾਰਾ ਹੈ। ਜਿਸਦੇ ਗੌਰਵ ਨੂੰ ‘ਯੂਨੀਵਰਸਿਟੀ ਗ੍ਰਾਂਟ ਕਮਿਸ਼ਨ’ ਵੱਲੋਂ ਸੰਨ 2013 ਵਿੱਚ ਖੁਦ-ਮੁਖਤਿਆਰ ਦਰਜਾ ਦੇਣ ਉਪਰੰਤ ਹੋਰ ਵੀ ਮਾਣ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲੀ 125 ਸਾਲਾ ਇਤਿਹਾਸਕ ਕੌਂਸਲ, ਜੋ ਕਿ ਇਸ ਸਮੇਂ ਇਤਿਹਾਸਕ ਖ਼ਾਲਸਾ ਕਾਲਜ ਤੋਂ ਇਲਾਵਾ 11 ਕਾਲਜ ਅਤੇ 5 ਸਕੂਲ ਸਫ਼ਲਤਾ ਪੂਰਵਕ ਚਲਾ ਰਹੀ ਹੈ, ਖ਼ਾਲਸਾ ਕਾਲਜ ਦੇ ਰੁਤਬੇ ਨੂੰ ਹੋਰ ਉੱਚਾ ਚੁੱਕਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ‘ਖ਼ਾਲਸਾ ਯੂਨੀਵਰਸਿਟੀ’ ਦੀ ਸਥਾਪਨਾ ਕਰਨਾ ਵਿੱਦਿਆ ਦੇ ਖੇਤਰ ਵਿੱਚ ਕੌਂਸਲ ਦੀ ਇਕ ਵੱਡੀ ਉਪਲਬੱਧੀ ਹੋਵੇਗੀ। ਉਨ੍ਹਾਂ ਮੀਡੀਆ ਦੇ ਇਕ ਪੱਖ ਵੱਲੋਂ ਅੱਜ ਕੁਝ ਛਪੀਆਂ ਖ਼ਬਰਾਂ ਜਿਨ੍ਹਾਂ ਵਿੱਚ ‘ਖਾਲਸਾ ਕਾਲਜ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ’ ਦੀ ਗੱਲ ਕਹੀ, ਦਾ ਖੰਡਨ ਕਰਦਿਆਂ ਕਿਹਾ ਕਿ ਇਹ ‘ਯੂਨੀਵਰਸਿਟੀ’ ਅਲੱਗ ਸਥਾਪਿਤ ਹੋਵੇਗੀ।
ਸ: ਛੀਨਾ ਨੇ ਕਿਹਾ ਕਿ ‘ਖ਼ਾਲਸਾ ਯੂਨੀਵਰਸਿਟੀ’ ਇਕ ਮਲਟੀ ਫੈਕਲਟੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੋਵੇਗੀ ਅਤੇ ਪੰਜਾਬ ਸਰਕਾਰ ਦੀ ਟੀਮ ਵੱਲੋਂ ਮੈਨੇਜ਼ਮੈਂਟ ਕੋਲ ਮੌਜ਼ੂਦਾ ਮੁੱਢਲੇ ਢਾਂਚੇ ਨੂੰ ਪਰਖ ਕੇ ਇਸ ‘ਤੇ ਸੰਤੁਸ਼ਟੀ ਜਾਹਿਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦ ਇਮਾਰਤਾਂ ਤੋਂ ਇਲਾਵਾ ਮੈਨੇਜ਼ਮੈਂਟ ਜਲਦ ਹੀ ਵੱਖਰੇ ਵਿਭਾਗ ਚਲਾਉਣ ਲਈ ਇਮਾਰਤਾਂ ਦਾ ਨਿਰਮਾਣ ਕਰੇਗੀ, ਜਿਸ ਦੀ ਵਿਉਂਤ ਬਣਾਈ ਜਾ ਚੁੱਕੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖ਼ਾਲਸਾ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਹੀ ਰਹੇਗਾ ਅਤੇ ਇਸ ਦੇ ਏਡਿਡ ਪ੍ਰੋਗਰਾਮ ਅਤੇ ਕੋਰਸ ਪਹਿਲਾਂ ਵਾਂਗ ਹੀ ਚਲਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਕੌਂਸਲ ਗੈਰ ਮੁਨਾਫ਼ਾਕਾਰ ਸੰਸਥਾ ਹੈ ਅਤੇ ਇਸ ਨਵੀਂ ਬਣਨ ਵਾਲੀ ਯੂਨੀਵਰਸਿਟੀ ਦਾ ਮਕਸਦ ਇਸ ਸਰਹੱਦੀ ਖੇਤਰ ਵਿੱਚ ਵਿੱਦਿਆ ਦਾ ਪ੍ਰਸਾਰ ਕਰਨਾ ਹੈ।
Punjab Post Daily Online Newspaper & Print Media
