
ਅੰਮ੍ਰਿਤਸਰ, 30 ਜਨਵਰੀ (ਗੁਰਚਰਨ ਸਿੰਘ)- ਰਾਸ਼ਟਰ ਪਿਤਾ ਮਹਾਤਮਾ ਗਾਧੀ ਜੀ ਦੇ ਬਲੀਦਾਨ ਦਿਵਸ ਨੂੰੂ ਸਮਰਪਿਤ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਕੁਸ਼ਟ ਰੋਗੀ ਦਿਵਸ ਮਨਾਇਆ ਗਿਆ। ਇਸ ਸਬੰਧੀ ਵੱਖ-ਵੱਖ ਇਲਾਕਿਆਂ ਵਿਚ ਅਤੇ ਆਮ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕਰਨ ਹਿੱਤ ਇਕ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਚੇਤਨਾ ਰੈਲੀ ਨੂੰ ਸਿਵਲ ਸਰਜਨ ਡਾ. ਜੈ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡਾ. ਜੈ ਸਿੰਘ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਕੁਸ਼ਟ (ਕੋਹੜ) ਰੋਗ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਆਮ ਜਨਤਾ ਨੂੰ ਇਸ ਰੋਗ ਦੇ ਲੱਛਣਾਂ ਬਾਰੇ ਜਾਣਕਾਰੀ ਹੋਵੇ। ਉਨ੍ਹਾਂ ਕਿਹਾ ਕਿ ਇਸ ਰੋਗ ਦਾ ਮਰੀਜ਼ ਮਿਲਣ ‘ਤੇ ਉਸ ਦੀ ਜਾਂਚ-ਪੜਤਾਲ ਕਰਕੇ ਸਰਕਾਰੀ ਸਿਹਤ ਕੇਂਦਰ ‘ਤੇ ਜਲਦੀ ਭੇਜਿਆ ਜਾਵੇ ਤਾਂ ਜੋ ਇਸ ਮਰੀਜ਼ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਲੋਕ ਇਸ ਰੋਗ ਤੋਂ ਬਚ ਸਕਣ।
ਜ਼ਿਲ੍ਹਾ ਲੈਪਰੌਸੀ ਅਫ਼ਸਰ ਡਾ. ਜੋਤਿਕਾ ਕਲਸੀ ਨੇ ਇਸ ਮੌਕੇ ਦੱਸਿਆ ਕਿ ਇਸ ਚੇਤਨਾ ਰੈਲੀ ਵਿਚ ਕੁਸ਼ਟ ਰੋਕ ਦੇ ਮੁੱਖ ਲੱਛਣਾਂ ਬਾਰੇ ਬਣਾਏ ਹੋਏ ਪਲੇਅ ਕਾਰਡਾਂ ਦੁਆਰਾ ਇਲਾਜ ਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਵੇਂ ਕਿ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਕੋਈ ਅਜਿਹਾ ਨਿਸ਼ਾਨ, ਜਿਸ ਦਾ ਰੰਗ ਲਾਲ, ਸਫੈਦ ਜਾਂ ਤਾਂਬੇ ਰੰਗ ਦਾ ਹੋਵੇ ਅਤੇ ਜਿਸ ‘ਤੇ ਛੋਹ ਮਹਿਸੂਸ ਨਾ ਹੁੰਦੀ ਹੋਵੇ ਅਤੇ ਗਰਮ-ਠੰਢਾ ਵੀ ਨਾ ਮਹਿਸੂਸ ਹੁੰਦਾ ਹੋਵੇ ਅਤੇ ਨਾਲ ਹੀ ਹੱਥਾਂ ਅਤੇ ਪੈਰਾਂ ਉੱਤੇ ਆਪਣੇ ਆਪ ਛਾਲੇ ਪੈ ਕੇ ਜ਼ਖਮ ਹੋ ਜਾਣਾ, ਇਹ ਸਾਰੀਆਂ ਕੁਸ਼ਟ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਮਰੀਜ਼ ਲਗਾਤਾਰ ਇਸ ਦਵਾਈ ਦਾ ਕੋਰਸ ਪੂਰਾ ਕਰ ਲੈਂਦਾ ਹੈ ਤਾਂ ਉਹ ਇਸ ਰੋਗ ਦੇ ਖ਼ਤਰੇ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਰੀਜ਼ ਦਵਾਈ ਦਾ ਕੋਰਸ ਪੂਰਾ ਹੋਣ ਤੋਂ ਪਹਿਲਾਂ ਹੀ ਇਸ ਨੂੰ ਛੱਡ ਦਿੰਦਾ ਹੈ ਤਾਂ ਉਹ ਆਪਣੇ ਆਲੇ-ਦੁਆਲੇ ਅਤੇ ਹੋਰ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਇਸ ਰੋਗ ਦਾ ਸ਼ਿਕਾਰ ਬਣਾ ਸਕਦਾ ਹੈ।ਇਸ ਮੌਕੇ ਆਸ਼ਾ ਗੁਰਮੀਤ ਅਤੇ ਮਨਪ੍ਰੀਤ ਵੱਲੋਂ ਕੁਸ਼ਟ ਰੋਗ ਬਾਰੇ ਇਕ ਸਕਿੱਟ ਵੀ ਪੇਸ਼ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ, ਜ਼ਿਲ੍ਹਾ ਬੀ. ਸੀ. ਸੀ ਫੈਸੀਲੀਟੇਟਰ ਆਰੂਸ਼ ਭੱਲਾ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਸਤੀਸ਼ ਕੁਮਾਰ, ਵਰੁਣ ਕੁਮਾਰ ਤੋਂ ਇਲਾਵਾ ਆਸ਼ਾ ਵਰਕਰ ਅਤੇ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।
Punjab Post Daily Online Newspaper & Print Media