
ਅੰਮ੍ਰਿਤਸਰ, 30 ਜਨਵਰੀ (ਗੁਰਚਰਨ ਸਿੰਘ)- ਪ੍ਰਸਤਾਵਿਤ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਬਣਨ ਨਾਲ ਜਿਥੇ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਲਾਭ ਪਹੁੰਚੇਗਾ ਉਥੇ ਭਾਰਤ ਦੇ ਬਾਹਰਲੇ ਮੁਲਕਾਂ ਨਾਲ ਵਪਾਰ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਹ ਪ੍ਰਗਟਾਵਾ ਅੱਜ ਇਥੇ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਦਾ ਖਾਕਾ ਤਿਆਰ ਕਰਨ ਲਈ ਅੰਮ੍ਰਿਤਸਰ ਦੇ ਦੌਰੇ ‘ਤੇ ਆਈ ਸਨਅਤ ਬਾਰੇ ਸੰਸਦੀ ਸਟੈਂਡਿੰਗ ਕਮੇਟੀ (ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਆਨ ਕਾਮਰਸ) ਦੇ ਚੇਅਰਮੈਨ ਸ੍ਰੀ ਚੰਦਨ ਮਿੱਤਰਾ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਇਸ ਮੌਕੇ ਇਸ ਸੰਸਦੀ ਕਮੇਟੀ ਦੇ ਬਾਕੀ ਮੈਂਬਰਾਂ ਸ੍ਰੀ ਜਵਾਹਰ ਪ੍ਰਸਾਦ, ਸ੍ਰੀ ਅਮਿਤ ਕੁਮਾਰ, ਸ੍ਰੀ ਨਰਿੰਦਰ ਕੁਮਾਰ, ਸ੍ਰੀ ਏ. ਕੇ ਗਾਂਧੀ, ਸ੍ਰੀ ਸ਼ਾਂਤਾਰਾਮ ਨਾਇਕ, ਸ੍ਰੀ ਬੋਧਸਿੰਘ ਭਗਤ, ਸ੍ਰੀ ਜਨਕ ਰਾਮ, ਸ੍ਰੀ ਡੀ. ਐਸ ਰਾਠੌਰ, ਸ੍ਰੀ ਚਰਨਜੀਤ ਸਿੰਘ ਰੌਰੀ ਅਤੇ ਸ੍ਰੀ ਜਤਿੰਦਰ ਚੌਧਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਸਨਅਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਸ੍ਰੀ ਚੰਦਨ ਮਿੱਤਰਾ ਨੇ ਦੱਸਿਆ ਕਿ ਭਾਰਤ ਸਰਕਾਰ ‘ਮੇਕ ਇੰਨ ਇੰਡੀਆ’ ਨੂੰ ਅਮਲੀ ਜਾਮਾ ਪਹਿਨਾਉਣ ਦੇ ਮਕਸਦ ਨਾਲ ਵੱਖ-ਵੱਖ ਸਨਅਤੀ ਅਤੇ ਆਰਥਿਕ ਕਾਰੀਡੋਰਾਂ ‘ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਵਿਚ ਦਿੱਲੀ-ਮੁੰਬਈ ਸਨਅਤੀ ਕਾਰੀਡੋਰ, ਬੰਗਲੁਰੂ-ਮੁੰਬਈ ਆਰਥਿਕ ਕਾਰੀਡੋਰ, ਚੇਨਈ-ਬੰਗਲੁਰੂ ਸਨਅਤੀ ਕਾਰੀਡੋਰ, ਵਿਸ਼ਾਖਾਪਟਨਮ-ਚੇਨਈ ਸਨਅਤੀ ਕਾਰਡੋਰ ਅਤੇ ਅੰਮ੍ਰਿਤਸਰ-ਕੋਲਕਾਤਾ ਸਨਅਤੀ ਕਾਰੀਡੋਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦਿੱਲੀ-ਮੁੰਬਈ ਸਨਅਤੀ ਕਾਰੀਡੋਰ ‘ਤੇ ਕੰਮ ਚਾਲੂ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ-ਮੁੰਬਈ ਅਤੇ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਦਾਦਰੀ ਵਿਖੇ ਇਕ-ਦੂਜੇ ਨਾਲ ਮਿਲਣਗੇ, ਜਿਸ ਨਾਲ ਉੱਤਰ ਭਾਰਤ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਕੋਲਕਾਤਾ ਕਾਰੀਡੋਰ ਬਣਨ ਨਾਲ ਜਿਥੇ ਪੰਜਾਬ ਦੇ ਸਨਅਤ ਅਤੇ ਵਪਾਰ ਨੂੰ ਵੱਡਾ ਫਾਇਦਾ ਹੋਵੇਗਾ ਉਥੇ ਇਸ ਦੇ ਬੰਗਲਾਦੇਸ, ਮਿਆਂਮਾਰ, ਥਾਈਲੈਂਡ ਅਤੇ ਮਲੇਸ਼ੀਆ ਆਦਿ ਨਾਲ ਵੀ ਨਿਰਯਾਤ ਦੇ ਰਸਤੇ ਖੁੱਲ੍ਹ ਜਾਣਗੇ ਅਤੇ ਮਾਲ ਗੱਡੀਆਂ ਬਿਨਾਂ ਕਿਸੇ ਰੋਕ-ਟੋਕ ਦੇ ਅੰਮ੍ਰਿਤਸਰ ਤੋਂ ਕੋਲਕਾਤਾ ਤੱਕ ਚੱਲਣਗੀਆਂ।
ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਅੰਮ੍ਰਿਤਸਰ ਵਿਖੇ ਇਥੋਂ ਦੀਆਂ ਉਦਯੋਗਿਕ ਇਕਾਈਆਂ ਦੇ ਪ੍ਰਤੀਨਿਧਾਂ ਅਤੇ ਅਧਿਕਾਰੀਆਂ ਨਾਲ ਇਸ ਪ੍ਰਸਤਾਵਿਤ ਕਾਰੀਡੋਰ ਸਬੰਧੀ ਵੱਖ-ਵੱਖ ਮੁੱਦੇ ਵਿਚਾਰੇ ਗਏ, ਜਿਨ੍ਹਾਂ ਵਿਚ ਭੂਮੀ ਅਧਿਗ੍ਰਹਿਣ, ਬਿਜਲੀ, ਪਾਣੀ ਅਤੇ ਕਾਨੂੰਨੀ ਨੁਕਤੇ ਆਦਿ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਨਅਤਕਾਰਾਂ ਅਤੇ ਅਧਿਕਾਰੀਆਂ ਦੇ ਸੁਝਾਅ ਵੀ ਲਏ ਗਏ ਹਨ ਜਿਨ੍ਹਾਂ ਤੋਂ ਕਮੇਟੀ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹੈ। ਉਨ੍ਹਾਂ ਕਿਹਾ ਕਿ ਕਮੇਟੀ ਮਿਲੇ ਸੁਝਾਵਾਂ ਦੇ ਆਧਾਰ ‘ਤੇ ਆਪਣੀ ਰਿਪੋਰਟ ਵਣਜ ਮੰਤਰਾਲੇ ਨੂੰ ਸੌਂਪੇਗੀ, ਜਿਸ ਤੋਂ ਬਾਅਦ ਪ੍ਰਾਜੈਕਟ ‘ਤੇ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਦਿੱਲੀ-ਮੁੰਬਈ ਕਾਰੀਡੋਰ ਨੂੰ ਅਟਾਰੀ ਤੱਕ ਲਿਜਾਣ ਦੇ ਵੀ ਸੁਝਾਅ ਆਏ ਹਨ, ਤਾਂ ਜੋ ਪਾਕਿਸਤਾਨ ਨਾਲ ਰਿਸ਼ਤੇ ਬਿਹਤਰ ਹੋਣ ਦੀ ਸੂਰਤ ਵਿਚ ਆਯਾਤ-ਨਿਰਯਾਤ ਵਿਚ ਵਾਧਾ ਹੋ ਸਕੇ।
ਉਦਯੋਗਿਕ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਸ੍ਰੀ ਮਿੱਤਰਾ ਨੇ ਕਿਹਾ ਕਿ ਪੰਜਾਬ ਵੱਲੋਂ ਸਨਅਤੀ ਹੱਬ ਤਿਆਰ ਕੀਤੇ ਜਾ ਰਹੇ ਹਨ ਜਿਸ ਨਾਲ ਸੂਬੇ ਵਿਚ ਸਨਅਤਾਂ ਦੇ ਵਿਕਾਸ ਤੋਂ ਇਲਾਵਾ ਪੂਰੀ ਆਰਥਿਕਤਾ ਨੂੰ ਲਾਭ ਪਹੁੰਚੇਗਾ। ਇਸ ਮੌਕੇ ਉਨ੍ਹਾਂ ਰਾਜਪੁਰਾ, ਕਪੂਰਥਲਾ ਅਤੇ ਹੋਰਨਾਂ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਸਨਅਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।
Punjab Post Daily Online Newspaper & Print Media