Sunday, April 5, 2026

ਹੁਣ ਮਹੀਨਾਵਾਰ ਲੱਗੇਗੀ ਕੌਮੀ ਲੋਕ ਅਦਾਲਤ- ਜ਼ਿਲ੍ਹਾ ਤੇ ਸੈਸ਼ਨ ਜੱਜ

13 ਫਰਵਰੀ ਨੂੰ ਬੈਂਕ ਮਾਮਲਿਆਂ ਬਾਰੇ ਲੱਗੇਗੀ ਕੌਮੀ ਲੋਕ ਅਦਾਲਤ

ਅੰਮ੍ਰਿਤਸਰ, 31 ਜਨਵਰੀ (ਗੁਰਚਰਨ ਸਿੰਘ) – ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਹੁਣ ਫਰਵਰੀ ਤੋਂ ਅਕਤੂਬਰ ਤੱਕ ਕੌਮੀ ਲੋਕ ਅਦਾਲਤ ਮਹੀਨਾਵਾਰ ਲਗਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਸ. ਗੁਰਬੀਰ ਸਿੰਘ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਅਨਿਲ ਆਰ ਦਵੇ ਦੀ ਇੱਛਾ ਅਨੁਸਾਰ ਹੁਣ ਮੁਲਕ ਭਰ ਵਿਚ ਕਿਸੇ ਨਾ ਕਿਸੇ ਚੋਣਵੇਂ ਵਿਸ਼ੇ ‘ਤੇ ਕੌਮੀ ਲੋਕ ਅਦਾਲਤਾਂ ਹਰੇਕ ਮਹੀਨੇ ਲੱਗਿਆ ਕਰਨਗੀਆਂ।
ਉਨ੍ਹਾਂ ਦੱਸਿਆ ਕਿ ਜਾਰੀ ਸਮਾਂ ਸਾਰਣੀ ਅਨੁਸਾਰ 13 ਫਰਵਰੀ 2016 ਨੂੰ ਬੈਂਕ ਮਾਮਲਿਆਂ ਸਬੰਧੀ ਕੌਮੀ ਲੋਕ ਅਦਾਲਤ ਲੱਗੇਗੀ। ਇਸੇ ਤਰ੍ਹਾਂ 12 ਮਾਰਚ 2016 ਨੂੰ ਮਾਲ, ਮਨਰੇਗਾ ਅਤੇ ਜ਼ਮੀਨ ਅਧਿਗ੍ਰਹਿਣ ਆਦਿ ਦੇ ਕੇਸਾਂ ਸਬੰਧੀ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ। ਇਸੇ ਤਰ੍ਹਾਂ 4 ਅਪ੍ਰੈਲ ਨੂੰ ਕਿਰਤ ਅਤੇ ਪਰਿਵਾਰਕ ਮਾਮਲਿਆਂ ਸਬੰਧੀ ਅਤੇ 14 ਮਈ ਤੇ 11 ਜੂਨ ਨੂੰ ਐਮ. ਏ. ਸੀ. ਟੀ ਅਤੇ ਬੀਮਾ ਕਲੇਮ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ 9 ਜੁਲਾਈ ਨੂੰ ਬਿਜਲੀ, ਪਾਣੀ, ਟੈਲੀਫੋਨ ਆਦਿ ਦੇ ਝਗੜਿਆਂ ਸਬੰਧੀ ਮਾਮਲੇ ਵਿਚਾਰੇ ਜਾਣਗੇ। ਇਸੇ ਤਰ੍ਹਾਂ 13 ਅਗਸਤ ਨੂੰ ਬੈਂਕ ਮਾਮਲਿਆਂ ਬਾਰੇ ਅਦਾਲਤ ਲੱਗੇਗੀ। ਉਨ੍ਹਾਂ ਦੱਸਿਆ ਕਿ 10 ਸਤੰਬਰ ਨੂੰ ਕ੍ਰਿਮੀਨਲ ਕੰਪਾਊਂਡੇਬਲ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 8 ਅਕਤੂਬਰ ਨੂੰ ਟ੍ਰੈਫਿਕ ਅਤੇ ਨਿਗਮ ਨਾਲ ਸਬੰਧਤ ਮਾਮਲੇ ਵਿਚਾਰੇ ਜਾਣਗੇ।  ਉਨ੍ਹਾਂ ਦੱਸਿਆ ਕਿ ਲੋਕ ਅਦਾਲਤਾਂ ਕੇਸਾਂ ਦੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਦਾ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਨਾਲ ਦੋਹਾਂ ਧਿਰਾਂ ਨੂੰ ਹੀ ਨਿਆਂ ਮਿਲਦਾ ਹੈ ਅਤੇ ਆਪਸੀ ਸਮਝੌਤੇ ਤਹਿਤ ਕੇਸ ਦਾ ਸਥਾਈ ਹੱਲ ਹੋ ਜਾਂਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕਿਹਾ ਕਿ ਉਹ ਭੱਵਿਖ ਵਿਚ ਵੀ ਆਪਣੇ ਕੇਸਾਂ ਦੇ ਲੋਕ ਅਦਾਲਤਾਂ ਰਾਹੀਂ ਨਿਪਟਾਰੇ ਨੂੰ ਪਹਿਲ ਦੇਣ ਕਿਉਂਕਿ ਇਸ ਨਾਲ ਸਸਤਾ ਤੇ ਛੇਤੀ ਨਿਆਂ ਸੰਭਵ ਹੈ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply