Thursday, March 5, 2026

ਮੁਸਲਿਮ ਫੈਡਰੇਸਨ ਆਫ ਪੰਜਾਬ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ

PPN0102201606

ਸੰਦੌੜ, 1 ਫਰਵਰੀ (ਹਰਮਿੰਦਰ ਸਿੰਘ ਭੱਟ)- ਮੁਸਲਿਮ ਫੈਡਰੇਸ਼ਨ ਆਫ ਪੰਜਾਬ ਨੇ ਨਾਇਬ ਤਹਿਸੀਲਦਾਰ ਗੁਰਦਰਸਨ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦੇ ਕੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਜੋ ਇੱਕ ਰਿਆਸਤੀ ਸ਼ਹਿਰ ਰਿਹਾ ਹੈ ਅਤੇ ਇਤਿਹਾਸ ਦੇ ਪੰਨਿਆਂ ਵਿੱਚ ਇਸ ਸ਼ਹਿਰ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਦਰਜ ਹੈ। 1947 ਦੀ ਵੰਡ ਵੇਲੇ ਮੁਸਲਿਮ ਰਿਆਸਤ ਹੋਣ ਦੇ ਬਾਵਜੂਦ ਇਸ ਸ਼ਹਿਰ ਨੇ ਭਾਰਤ ਦੇ ਨਾਲ ਰਹਿ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਪਾਕ-ਪਵਿੱਤਰ ਧਰਤੀ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਛੋਟੇ ਸਾਹਿਬਜਾਦਿਆਂ ਲਈ ‘ਹਾਅ-ਦਾ-ਨਾਅਰਾ’ ਮਾਰਿਆ ਸੀ ਅਤੇ ਨਾਮਧਾਰੀ ਭਾਈਚਾਰੇ ਦਾ ਇੱਥੇ ‘ਸ਼ਹੀਦੀ ਕੂਕਾ ਸਮਾਰਕ’ ਵੀ ਸਥਿਤ ਹੈ ਅਤੇ 200 ਸੌ ਦੇ ਕਰੀਬ ਮਸਜਿਦਾਂ ਇਸ ਸ਼ਹਿਰ ਦੀ ਪਵਿੱਤਰਤਾ ਦਾ ਸਬੂਤ ਹਨ। ਮਗਰ ਇੰਨੀ ਵੱਡੀ ਇਤਿਹਾਸਕ ਮਹੱਤਤਾ ਰੱਖਣ ਵਾਲੇ ਸ਼ਹਿਰ ਮਾਲੇਰਕੋਟਲਾ ਨੂੰ ਵੇਲੇ ਦੀਆਂ ਸਰਕਾਰਾਂ ਵੱਲੋਂ ਬਣਦਾ ਮਾਨ-ਸਤਿਕਾਰ ਨਹੀਂ ਮਿਲਿਆ। ਮਾਲੇਰਕੋਟਲਾ ਦੀ ਸਮਾਲ-ਸਕੇਲ ਇੰਡਸਟਰੀ, ਸਬਜੀ ਮੰਡੀ, ਇੰਬਰਾਇਡਰੀ ਪੂਰੇ ਭਾਰਤ ਵਿੱਚ ਮਸ਼ਹੂਰ ਹੈ ਪਰੰਤੂ ਫਿਰ ਵੀ ਛੋਟੇ ਛੋਟੇ ਕੰਮ ਕਰਵਾਉਣ ਲਈ ਅਤੇ ਇਨਸਾਫ਼ ਲੈਣ ਲਈ ਸ਼ਹਿਰ ਨਿਵਾਸੀਆਂ ਨੂੰ ਜਿਲ੍ਹਾ ਸੰਗਰੂਰ ਵਿਖੇ ਜਾਣਾ ਪੈਂਦਾ ਹੈ। ਜਦੋਂ ਕਿ ਏਰੀਆ ਅਤੇ ਅਬਾਦੀ ਦੇ ਹਿਸਾਬ ਨਾਲ ਮਾਲੇਰਕੋਟਲਾ, ਸੰਗਰੂਰ ਤੋਂ ਵੱਡਾ ਸ਼ਹਿਰ ਹੈ। ਪੰਜਾਬ ਦੇ ਵਿੱਚ ਇੱਕੋ-ਇੱਕ ਮੁਸਲਿਮ ਬਹੁਲਤਾ ਵਾਲੇ ਸ਼ਹਿਰ ਮਾਲੇਰਕੋਟਲਾ ਨੂੰ ਜਿਲ੍ਹਾ ਬਨਾਉਣ ਲਈ ਵੇਲੇ ਦੀਆਂ ਸਰਕਾਰਾਂ ਨੇ ਵੱਡੇ-ਵੱਡੇ ਵਾਅਦੇ ਤਾਂ ਕੀਤੇ ਪਰੰਤੂ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀ ਕਿਸੇ ਵੀ ਸਰਕਾਰ ਨੇ ਖੇਚਲ ਨਾ ਕੀਤੀ, ਨਤੀਜਾ ਇਹ ਕਿ ਮਾਲੇਰਕੋਟਲਾ ਦਾ ਇੰਨਾ ਵੱਡਾ ਇਤਿਹਾਸਿਕ ਦਰਜਾ ਹੋਣ ਦੇ ਬਾਵਜਦੂ ਇਸ ਨੂੰ ਅਜੇ ਤੱਕ ਜਿਲ੍ਹਾ ਨਹੀਂ ਐਲਾਨਿਆ ਗਿਆ। ਜਦੋਂ ਕਿ ਸੰਨ 2011 ਦੀ ਮਰਦਮਸ਼ੁਮਾਰੀ ਮੁਤਾਬਿਕ ਮਾਲੇਰਕੋਟਲਾ ਦੀ ਅਬਾਦੀ 1,35,000 ਤੋਂ ਵੱਧ ਹੈ। ਪਰੰਤੂ ਇਸ ਤੋਂ ਘੱਟ ਅਬਾਦੀ ਵਾਲੇ ਸ਼ਹਿਰ ਜਿਸ ਦੇ ਵਿੱਚ ਰੋਪੜ (ਅਬਾਦੀ 48,165), ਫ਼ਤਹਿਗੜ੍ਹ ਸਾਹਿਬ (ਅਬਾਦੀ 50,788), ਮਾਨਸਾ (ਅਬਾਦੀ 82,956), ਫ਼ਾਜਿਲਕਾ (76,492), ਕਪੂਰਥਲਾ (ਅਬਾਦੀ 1,16,054), ਸ੍ਰੀ ਮੁਤਕਸਰ ਸਾਹਿਬ (ਅਬਾਦੀ 1,17,085) ਅਤੇ ਬਰਨਾਲਾ (ਅਬਾਦੀ 1,16,449) ਸ਼ਾਮਿਲ ਹਨ, ਨੂੰ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਬਣਾਇਆ ਜਾ ਚੁੱਕਿਆ ਹੈ। ਜਿਸ ਦਾ ਨਤੀਜਾ ਨਿਕਲਿਆ ਹੈ ਕਿ ਅਬਾਦੀ ਅਤੇ ਖੇਤਰ ਜਿਆਦਾ ਹੋਣ ਦੇ ਬਾਵਜੂਦ ਵੀ ਇਹ ਇਤਿਹਾਸਿਕ ਸ਼ਹਿਰ ਮਾਲੇਰਕੋਟਲਾ ਵਧੀਆ ਅਤੇ ਤਰੱਕੀ ਦੇ ਹਿਸਾਬ ਨਾਲ ਬਾਕੀ ਸ਼ਹਿਰਾਂ ਨਾਲੋਂ ਪਿਛੜ ਚੁੱਕਿਆ ਹੈ। ਜਿਸ ਦੀ ਇੱਕ ਮਿਸਾਲ ਇਹ ਵੀ ਹੈ ਕਿ ਅਜਾਦੀ ਦੇ 68 ਸਾਲ ਬੀਤ ਜਾਣ ਮਗਰੋਂ ਇੱਕ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਸ ਸ਼ਹਿਰ ਨੂੰ ਨਸੀਬ ਨਹੀਂ ਹੋਇਆ ਅਤੇ ਜੇਕਰ ਸਾਖ਼ਰਤਾ ਦੀ ਦਰ ਦੇਖੀਏ ਤਾਂ ਮਾਲੇਰਕੋਟਲਾ ਦੀ ਸਾਖ਼ਰਤਾ ਦਰ 69.10 ਹੈ ਜੋ ਕਿ ਹੋਰਨਾਂ ਸ਼ਹਿਰਾਂ (ਹੁਸ਼ਿਆਰਪੁਰ 85.40 ਪ੍ਰਤੀਸ਼ਤ) ਤੋਂ ਕਾਫ਼ੀ ਘੱਟ ਹੈ।
ਅਸੀਂ ਮੁਸਲਿਮ ਫ਼ੈਡਰੇਸ਼ਨ ਆਫ਼ ਪੰਜਾਬ ਅਤੇ ਸਮੂਹ ਸ਼ਹਿਰ ਨਿਵਾਸੀਆਂ ਵੱਲੋਂ ਪੁਰਜੋਰ ਮੰਗ ਕਰਦੇ ਹਾਂ ਕਿ ਇਸ ਇਤਿਹਾਸਿਕ ਸ਼ਹਿਰ ਮਾਲੇਰਕੋਟਲਾ ਨੂੰ ਜਿੰਨੀ ਜਲਦੀ ਹੋ ਸਕੇ ਜਿਲ੍ਹਾ ਬਣਾਇਆ ਜਾਵੇ ਤਾਂ ਜੋ ਇਸ ਸ਼ਹਿਰ ਨੂੰ ਬਣਦਾ ਮਾਨ-ਸਤਿਕਾਰ ਮਿਲ ਸਕੇ। ਉਹਨਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਇਸ ਮੁੱਦੇ ਨੂੰ ਸਿਆਸੀ ਨਾ ਬਣਾ ਕੇ ਸਿਆਸਤ ਨਾ ਕਰਨ ਸਗੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਮਾਲੇਰਕੋਟਲਾ ਨੂੰ ਇਸਦਾ ਬਣਦਾ ਹੱਕ ਦਿਵਾਉਂਣ । ਇਸ ਮੌਕੇ ਅਖਤਰ ਅਬਦਾਲੀ, ਪ੍ਰਵੇਜ ਅਖਤਰ, ਤਾਰਿਕ ਮਾਹੀ,ਦਿਲਸ਼ਾਦ ਅਹਿਮਦ, ਤਾਰਿਕ ਮਾਹੀ,ਮੁਹੰਮਦ ਸਲੀਮ,ਮੁਜੀਬ,ਅਕਰਮ,ਪ੍ਰਵੇਜ ਥਿੰਦ,ਸ਼ੋਕਤ ਅਲੀ,ਅਸ਼ਗਰ ਥਿੰਦ,ਹਾਜੀ ਜਮੀਲ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply