
ਨਵੀਂ ਦਿੱਲੀ, 1 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਤੋਂ ਪ੍ਰਕਾਸ਼ਿਤ ਮਾਸਿਕ ਧਾਰਮਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਵੱਲੋਂ ਸਾਲਾਨਾ ਸਨਮਾਨ ਸਮਾਗਮ ‘ਰਸ਼ੀਅਨ ਸੈਂਟਰ ਆਫ ਸਾਇੰਸ ਐਂਡ ਕਲਚਰ’ ਫਿਰੋਜਸ਼ਾਹ ਰੋਡ, ਦਿੱਲੀ ਵਿਖੇ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਜੋਂ ਪੁੱਜੇ ਹਰਪਾਲ ਸਿੰਘ ਕੋਛੜ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਵਿੰਦਰ ਸਿੰਘ ਵੋਹਰਾ, ਇੰਜ. ਜੀ. ਐਸ. ਗਿੱਲ, ਇੰਦਰਜੀਤ ਸਿੰਘ ਗੁੜਗਾਓ ਸਮੇਤ ਸੱਚੇ ਪਾਤਸ਼ਾਹ ਪੱਤ੍ਰਿਕਾ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ, ਸਰਪ੍ਰਸਤ ਮਹਿੰਦਰ ਸਿੰਘ ਭੁੱਲਰ, ਸਿੱਖ ਵਿਦਵਾਨ ਦਿਲਜੀਤ ਸਿੰਘ ਬੇਦੀ, ਡਾ. ਬਲਦੇਵ ਸਿੰਘ ਬੱਦਨ ਤੇ ਕੁਲਵੰਤ ਸਿੰਘ ਚੌਧਰੀ ਨੇ ਸਾਂਝੇ ਤੌਰ ‘ਤੇ ਜੈਕਾਰਿਆਂ ਦੀ ਗੂੰਜ ਵਿੱਚ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਸ਼ਾਲਾ, ਸ਼੍ਰੀ ਸਾਹਿਬ ਤੇ ਸਨਮਾਨ ਚਿੰਨ੍ਹ ਭੇਟ ਕਰਕੇ ‘ਫ਼ਖ਼ਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸਮਾਗਮ ਦੇ ਆਯੋਜਕ ਤੇ ਮਾਸਿਕ ਧਾਰਮਿਕ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਦੇ ਮੁੱਖ ਸੰਪਾਦਕ ਸੁਰਜੀਤ ਸਿੰਘ ਆਰਟਿਸਟ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ ਕੌਮ ਪ੍ਰਤੀ ਕੀਤੇ ਗਏ ਸੇਵਾ ਕਾਰਜਾਂ ਅਤੇ ਕੀਤੀ ਗਈਆਂ ਵੱਡਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਦਾਰਾ ‘ਸੱਚੇ ਪਾਤਸ਼ਾਹ ਪੱਤ੍ਰਿਕਾ’ ਅੱਜ ਉਨ੍ਹਾਂ ਨੂੰ ‘ਫ਼ਖ਼ਰ-ਏ-ਕੌਮ’ ਐਵਾਰਡ ਨਾਲ ਸਨਮਾਨਿਤ ਕਰਨ ਵਿੱਚ ਮਾਣ ਪ੍ਰਾਪਤ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਅਤੇ ਸਾਹਿਤਕ ਖੇਤਰ ਦੀਆਂ ਉੱਘੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਲਈ ਹਰ ਸਾਲ ਇਹ ਸਨਮਾਨ ਸਮਾਗਮ ਕਰਵਾਇਆ ਜਾਂਦਾ ਹੈ।ਇਸ ਦੌਰਾਨ ‘ਸੱਚੇ ਪਾਤਸ਼ਾਹ ਪੱਤ੍ਰਿਕਾ’ ਦੇ ਸਰਪ੍ਰਸਤ ਮਹਿੰਦਰ ਸਿੰਘ ਭੁੱਲਰ, ਡਾ. ਬਲਦੇਵ ਸਿੰਘ ਬੱਦਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਹੁਪੱਖੀ ਸਖਸ਼ੀਅਤ ਜਥੇਦਾਰ ਅਵਤਾਰ ਸਿੰਘ ਸੇਵਾ ਦੇ ਮੁਜੱਸਮੇ ਹਨ ਜਿਨ੍ਹਾਂ ਨੇ ਵੱਖ-ਵੱਖ ਸੇਵਾ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਮਹਾਰਾਜ ਵੱਲੋਂ ਬਖਸ਼ੇ ਸੇਵਾ ਦੇ ਸੰਕਲਪ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ ਜਿਸ ਉਪਰ ਸਮੁੱਚੀ ਸਿੱਖ ਕੌਮ ਨੂੰ ਬਹੁਤ ਮਾਣ ਹੈ।
ਇਸੇ ਤਰ੍ਹਾਂ ਡਾ. ਹਰਚੰਦ ਸਿੰਘ ਬੇਦੀ ਨੂੰ ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ, ਉੱਘੇ ਪੱਤਰਕਾਰ ਤੇ ਲੇਖਕ ਜਸਵੰਤ ਸਿੰਘ ਅਜੀਤ ਨੂੰ ਬਹਾਦਰ ਸਿੰਘ ਮੈਮੋਰੀਅਲ ਐਵਾਰਡ, ਸਮਾਜ ਸੇਵੀ ਪ੍ਰਿਤਪਾਲ ਸਿੰਘ ਨੂੰ ਉਕਾਰ ਸਿੰਘ ਸੰਧੂ ਮੈਮੋਰੀਅਲ ਐਵਾਰਡ, ਉੱਘੇ ਕਵੀ ਬਲਬੀਰ ਸਿੰਘ ਬੱਲ ਨੂੰ ‘ਕਵੀ ਆਫ ਦਾ ਯੀਅਰ ਐਵਾਰਡ’ ਤੇ ਡਾ. ਵਾਣੀ ਸਿੰਘ ਨੂੰ ਲੇਖਕ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ।ਸਨਮਾਨ ਸਮਾਗਮ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਡਾ. ਪ੍ਰਿਥਵੀ ਰਾਜ ਥਾਪਰ ਦੀ ਲਿਖਤ ਪੁਸਤਕ ‘ਨਵੀ ਕਵਿਤਾ, ਨਵੇਂ ਰੁਝਾਨ’, ਸੁਰਜੀਤ ਸਿੰਘ ਆਰਟਿਸਟ ਵੱਲੋਂ ਲਿਖੀ ਕਵਿਤਾ ਪੁਸਤਕ ‘ਅੱਖਰ-ਅੱਖਰ ਕਵਿਤਾ’, ਡਾ. ਵਾਣੀ ਸਿੰਘ ਵੱਲੋਂ ਲਿਖੀ ਪੁਸਤਕ ‘ਗੁਰਮਤਿ ਤੇ ਸੂਫੀ ਸੰਗੀਤ ਤੁਲਨਾਤਮਕ ਅਧਿਆਨ’ ਅਤੇ ਮਾਸਿਕ ‘ਸੱਚੇ ਪਾਤਸ਼ਾਹ’ ਦਾ ਵਿਸ਼ੇਸ਼ ਅੰਕ ਰਿਲੀਜ ਕੀਤਾ ਗਿਆ। ਇਸ ਦੌਰਾਨ ਉੱਘੇ ਕਵੀ ਬਲਬੀਰ ਸਿੰਘ ਬੱਲ, ਸ. ਹਰਿੰਦਰ ਸਿੰਘ ਪਤੰਗਾ ਤੇ ਸੁਰਿੰਦਰ ਸਾਗਰ ਸਮੇਤ ਕਈ ਪ੍ਰਮੁੱਖ ਕਵੀਆਂ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਤੇ ਰਚਨਾਵਾਂ ਦੀ ਪੇਸ਼ਕਾਰੀ ਮਹਿਮਾਨ ਸ਼ਖਸੀਅਤਾਂ ਦੇ ਸਨਮੁੱਖ ਬੜੇ ਸੁਚੱਜੇ ਅੰਦਾਜ ਵਿੱਚ ਕਰਕੇ ਸਮੁੱਚੇ ਸਨਮਾਨ ਸਮਾਗਮ ਨੂੰ ਅਦਬੀ ਰੰਗ ਵਿੱਚ ਰੰਗਿਆ।ਸਮਾਗਮ ਦੇ ਅੰਤ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਸੋਚ ਤੇ ਫ਼ਲਸਫੇ ਨੂੰ ਸਮੁੱਚੀਆਂ ਸੰਗਤਾਂ ਤੱਕ ਪਹੁੰਚਾਉਣ ਲਈ ਸੁਰਜੀਤ ਸਿੰਘ ਆਰਟਿਸਟ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਪੱਤ੍ਰਿਕਾ ‘ਸੱਚੇ ਪਾਤਸ਼ਾਹ’ ਆਪਣੇ ਆਪ ਵਿੱਚ ਇੱਕ ਬੇਮਿਸਾਲ ਕਾਰਜ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ।ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਅੱਜ ਜੋ ਮਾਣ-ਸਨਮਾਨ ਅਦਾਰਾ ‘ਸੱਚੇ ਪਾਤਸ਼ਾਹ’ ਪੱਤ੍ਰਿਕਾ ਵੱਲੋਂ ਦਾਸ ਦੀ ਝੋਲੀ ਵਿੱਚ ਪਾਇਆ ਗਿਆ ਹੈ ਉਸ ਦੇ ਲਈ ਉਹ ਸਮੁੱਚੀਆਂ ਸੰਗਤਾਂ ਦੇ ਸਾਰੀ ਉਮਰ ਰਿਣੀ ਰਹਿਣਗੇ ।ਜਥੇ. ਅਵਤਾਰ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਘਰ-ਘਰ ਪਹੁੰਚਾਉਣ ਤੱਕ ਨਿਸ਼ਕਾਮ ਰੂਪ ਵਿੱਚ ਕਾਰਜ ਕਰ ਰਹੀ ਸੰਸਥਾ ‘ਸੱਚੇ ਪਾਤਸ਼ਾਹ’ ਪੱਤ੍ਰਿਕਾ ਦੇ ਨਾਲ ਸ਼੍ਰੋਮਣੀ ਕਮੇਟੀ ਪੂਰਨ ਰੂਪ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜੇੇਗੀ ਅਤੇ ਹਰ ਪੱਖ ਤੋਂ ਉਨ੍ਹਾਂ ਦੀ ਮਦਦ ਕਰੇਗੀ ਤਾਂ ਕਿ ਸਮੁੱਚੇ ਸੰਸਾਰ ਅੰਦਰ ਸਿੱਖੀ ਦਾ ਝੰਡਾ ਹੋਰ ਬੁਲੰਦ ਹੋ ਸਕੇ।
ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ,. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਜਸਪਾਲ ਸਿੰਘ ਕੋਛੜ, ਬਲਬੀਰ ਸਿੰਘ ਭਸੀਨ, ਅਮਰਜੀਤ ਸਿੰਘ ਪਾਹਵਾ ਸਾਬਕਾ ਕਮਿਸ਼ਨਰ, ਸੁਰਿੰਦਰ ਸਿੰਘ ਵਿਰਦੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਰਸਵਤੀ ਗਾਰਡਨ, ਕੁਲਦੀਪ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਤਰਲੋਕਪੁਰੀ, ਪਰਮਪਾਲ ਸਿੰਘ ਸੋਢੀ ਸਾਬਕਾ ਏ.ਜੀ.ਐਮ ਪੰਜਾਬ ਐਂਡ ਸਿੰਧ ਬੈਂਕ, ਪ੍ਰਿਤਪਾਲ ਸਿੰਘ ਗਾਜ਼ੀਆਬਾਦ, ਚਰਨਜੀਤ ਸਿੰਘ ਪਾਸੀ, ਧਰਮਿੰਦਰ ਸਿੰਘ ਗਾਜ਼ੀਆਬਾਦ, ਪ੍ਰਿੰਸੀਪਲ ਡਾ. ਸ਼ਤਪਾਲ ਕੌਰ, ਹਰਿੰਦਰ ਸਿੰਘ ਔਲਖ, ਦਲਜੀਤ ਸਿੰਘ ਯੂਨਾਈਟਿਡ ਸਿੱਖਜ਼, ਗੁਰਚਰਨ ਸਿੰਘ ਚਰਨ, ਮਹਿੰਦਰ ਸਿੰਘ ਪਰਿੰਦਾ, ਸ. ਹਰਪ੍ਰੀਤ ਸਿੰਘ, ਵਰਿੰਦਰ ਸਿੰਘ, ਹਰਭਜਨ ਸਿੰਘ ਫੁੱਲ ਤੇ ਇੰਜੀਨੀਅਰ ਸ. ਬਲਬੀਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media