Friday, March 6, 2026

ਪ੍ਰਸਤਾਵਿਤ ‘ਖ਼ਾਲਸਾ ਯੂਨੀਵਰਸਿਟੀ’ ਬਣਨ ਨਾਲ ਸਰਹੱਦੀ ਖੇਤਰ ਵਿੱਚ ਉੱਚ ਸਿੱਖਿਆ ਤੇ ਰੋਜ਼ਗਾਰ ਵਧੇਗਾ – ਮਜੀਠੀਆ

ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਦੀ ਨਹੀਂ ਹੋਵੇਗੀ ਮਲਕੀਅਤ

Chhina - Majithia

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਜਾਰੀ ਬਿਆਨ ਕਿਹਾ ਕਿ ਪ੍ਰਸਤਾਵਿਤ ਖ਼ਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਬਣਨ ਨਾਲ ਉੱਚ ਸਿੱਖਿਆ ਤੇ ਰੋਜ਼ਗਾਰ ਨੂੰ ਸਰਹੱਦੀ ਖੇਤਰ ਵਿੱਚ ਬੜ੍ਹਾਵਾ ਮਿਲੇਗਾ। ਉਨ੍ਹਾਂ ਨੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਮੁੱਦੇ ‘ਤੇ ਖੇਡੀ ਜਾ ਰਹੀ ਕੋਝੀ ਸਿਆਸਤ ‘ਤੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸਬੰਧੀ ਜਿੱਥੇ ਸਰਹੱਦੀ ਖੇਤਰ ਦੇ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਹੈ, ਉੱਥੇ ਇਸਦੇ ਬਣਨ ਨਾਲ ਵੱਖ-ਵੱਖ ਦੇਸ਼ਾਂ ਤੇ ਖੋਜ ਕਰਨ ਦੇ ਮੌਕੇ ਹਾਸਲ ਹੋਣਗੇ।
ਸ: ਮਜੀਠੀਆ ਨੇ ਕਿਹਾ ਕਿ ਕੁਝ ਸਿਆਸਤਦਾਨਾਂ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੇ ਬਿਆਨਾਂ ਰਾਹੀਂ ਇਸ ਯੂਨੀਵਰਸਿਟੀ ‘ਤੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਰਿਵਾਰ ਦਾ ਕਬਜ਼ਾ ਹੋਣ ਦੀ ਗੱਲ ਕਹੀ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ 124 ਸਾਲ ਪੁਰਾਣੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਚਲਾਈ ਜਾਵੇਗੀ ਨਾ ਕਿ ਕਿਸੇ ਵਿਅਕਤੀ ਵੱਲੋਂ। ਉਨ੍ਹਾਂ ਕਿਹਾ ਕਿ ਕੌਂਸਲ ਪਹਿਲਾਂ ਹੀ 17 ਵਿੱਦਿਅਕ ਅਦਾਰੇ ਸਫ਼ਲਤਾਪੂਰਵਕ ਚਲਾ ਰਹੀ ਹੈ। ਆਪਣੇ ਪਰਿਵਾਰ ਵੱਲੋਂ ਖ਼ਾਲਸਾ ਕਾਲਜ ਦੀ ਸਥਾਪਨਾ ਦੇ ਵੇਲੇ ਤੋਂ ਵਿੱਦਿਅਕ ਖ਼ੇਤਰ ਨਾਲ ਜੁੜੇ ਹੋਣ ਦਾ ਜ਼ਿਕਰ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਜੀ ਸ: ਸੁੁੰਦਰ ਸਿੰਘ ਮਜੀਠੀਆ ਨੇ ਇਤਿਹਾਸਕ ਖ਼ਾਲਸਾ ਕਾਲਜ ਦੀ ਹੋਂਦ ਨੂੰ ਕਾਇਮ ਕਰਨ ਲਈ ਅਹਿਮ ਯੋਗਦਾਨ ਪਾਇਆ ਸੀ, ਜੋ ਕਿ ਇਤਿਹਾਸ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਕਾਲਜ ਅਤੇ ਬਾਕੀ ਸੰਸਥਾਵਾਂ ਗਵਰਨਿੰਗ ਕੌਂਸਲ, ਜਿਸਦੇ ਮੈਂਬਰਾਂ ਦੀ ਚੋਣ ਹਰ 5 ਸਾਲ ਹੁੰਦੀ ਹੈ, ਕਰਦਾ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ ਕਰਨਾ ਸਮੇਂ ਦੀ ਜਰੂਰਤ ਹੈ ਤਾਂ ਕਿ ਰੋਜ਼ਗਾਰ ਦੇ ਨਵੇਂ ਸਾਧਨ ਪੈਦਾ ਹੋ ਸਕਣ ਅਤੇ ਅਸੀ ਆਪਣੇ ਨੌਜਵਾਨਾਂ ਨੂੰ ਪ੍ਰੋਫੈਸ਼ਨਲ ਵਿੱਦਿਆ ਦੇ ਕੇ ਨੌਕਰੀਆਂ ਦੇ ਕਾਬਲ ਬਣਾ ਸਕੀਏ।
ਸ: ਮਜੀਠੀਆ ਨੇ ਉਨ੍ਹਾਂ ਵੱਲੋਂ ਗੋਰਖਪੁਰ ਅਤੇ ਪਟਿਆਲਾ ਵਿਖੇ ਵਿੱਦਿਅਕ ਸੰਸਥਾਵਾ ਸਥਾਪਿਤ ਕਰਨ ਦੀ ਗੱਲ ਕਹੀ ਜੋ ਕਿ ਅੱਜ ਵੱਖ-ਵੱਖ ਟਰੱਸਟ ਜਾਂ ਸੋਸਾਇਟੀਆਂ ਅਧੀਨ ਚਲ ਰਹੀਆਂ ਹਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੀ ਵੀ ਆਲੋਚਨਾ ਕੀਤੀ ਕਿ ਕੌਂਸਲ ਦੇ ਚਾਂਸਲਰ ਦੇ ਅਹੁਦੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਵੀ ਚਾਂਸਲਰ ਦੇ ਅਹੁਦੇ ‘ਤੇ ਸ: ਰਾਜਮਹਿੰਦਰ ਸਿੰਘ ਮਜੀਠਾ ਬਿਰਾਜਮਾਨ ਹਨ ਅਤੇ ਕੈਪਟਨ ਖ਼ੁਦ ਇਸ ਅਹੁਦੇ ‘ਤੇ ਲੰਬੇ ਸਮੇਂ ਤੱਕ ਬਿਰਾਜਮਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਸ ਵਿੱਦਿਆ ਦੇ ਵੱਡੇ ਪ੍ਰੋਜੈਕਟ ‘ਤੇ ਰਾਜਨੀਤੀ ਕਰਨਾ ਉਚਿੱਤ ਨਹੀਂ ਅਤੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਰਾਜਨੀਤਿਕ ਅਹੁਦੇਦਾਰਾਂ ਨੂੰ ਇਸ ਅਦਾਰੇ ਦੇ ਨਿਰਮਾਣ ਲਈ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰਾਂ, ਅਧਿਆਪਕਾਂ, ਸਿੱਖ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਉਠਾਏ ਇਤਰਾਜਾਂ ਤੋਂ ਬਾਅਦ ਇਤਿਹਾਸਕ ਖ਼ਾਲਸਾ ਕਾਲਜ ਨੂੰ ਯੂਨੀਵਰਸਿਟੀ ਤੋਂ ਬਾਹਰ ਰੱਖਿਆ ਗਿਆ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply