
ਸੰਦੌੜ, 2 ਫਰਵਰੀ (ਹਰਮਿੰਦਰ ਸਿੰਘ ਭੱਟ) – ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ-ਪੰਜਾਬ ਦੇ ਸੱਦੇ ‘ਤੇ ਅੱਜ ਮੰਡਲ ਦਫ਼ਤਰ ਮਾਲੇਰਕੋਟਲਾ ਦੇ ਗੇਟ ‘ਤੇ ਵਿਸ਼ਾਲ ਗੇਟ ਰੈਲੀ ਕੀਤੀ ਗਈ। ਇਸ ਰੋਸ ਰੈਲੀ ਵਿੱਚ ਮੰਡਲ ਮਾਲੇਰਕੋਟਲਾ ਅਧੀਨ ਪੈਂਦੀਆਂ ਸਾਰੀਆਂ ਸਬ-ਯੂਨਿਟਾਂ ਤੋਂ ਆਗੂ/ਵਰਕਰਾਂ ਨੇ ਭਾਗ ਲਿਆ। ਇਹ ਰੋਸ ਰੈਲੀ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਪੈਨਸ਼ਨਰਾਂ ਦੀ ਪੈਨਸ਼ਨ ਨਾ ਦੇਣ ਕਾਰਨ ਕੀਤੀ ਗਈ ਹੈ। ਮੈਨੇਜਮੈਂਟ ਵੱਲੋਂ ਇਸ ਤੋਂ ਪਹਿਲਾਂ ਵੀ ਮਹੀਨਾ 12/2016 ਦੀ ਰਿਟਾਇਰੀ ਮੁਲਾਜ਼ਮਾਂ ਦੀ ਪੈਨਸ਼ਨ ਲੇਟ ਪਾਈ ਗਈ ਸੀ। ਮੈਨੇਜਮੇਂਟ ਦੇ ਇਸ ਰਵੱਈਏ ਕਾਰਨ ਸਮੁੱਚੇ ਮੁਲਾਜ਼ਮਾਂ/ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਦੀ ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਇਹ ਸਾਰਾ ਕੁੱਝ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਕਾਰਨ ਹੋ ਰਿਹਾ ਹੈ। ਪਾਵਰ ਸੈਕਟਰ ਦੇ ਇਸ ਅਦਾਰੇ ਵਿੱਚ ਰਾਜਨੀਤਿਕ ਦਖ਼ਲ-ਅੰਦਾਜ਼ੀ ਬਹੁਤ ਜ਼ਿਆਦਾ ਵੱਧ ਗਈ ਹੈ। ਮੈਨੇਜਮੈਂਟ ਵੱਲੋਂ ਸਾਰੇ ਫ਼ੈਸਲੇ ਵੋਟ ਬੈਂਕ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਜਾ ਰਹੇ ਹਨ। ਸਿਰਫ਼ ਖ਼ਪਤਕਾਰਾਂ ‘ਤੇ ਟੈਰਿਫ਼ ਵਧਾ ਕੇ ਵਜ਼ਨ ਪਾਇਆ ਜਾ ਰਿਹਾ ਹੈ। ਮੈਨੇਜਮੈਂਟ ਮੁਲਾਜ਼ਮ ਮਸਲੇ ਹੱਲ ਕਰਨ ਵਿੱਚ ਨਾਕਮ ਰਹੀ ਹੈ। ਅੰਤ ਵਿੱਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਪਾਰਟ-ਟਾਈਮ ਸਵੀਪਰਾਂ ਨੂੰ ਕੰਮ ਤੋਂ ਹਟਾਉਣ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਗਈ। ਬੇਰੋਜ਼ਗਾਰ ਲਾਈਨਮੈਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ।ਅ ੱਜ ਦੀ ਇਸ ਗੇਟ ਰੈਲੀ ਨੂੰ ਵੱਖ-ਵੱਖ ਜੱਥੇਬੰਦੀਆਂ ਵੱਲੋਂ ਪਿਆਰਾ ਲਾਲ, ਕਰਨੈਲ ਸਿੰਘ ਭੱਟੀਆਂ, ਸਪਿੰਦਰ ਸਿੰਘ ਮੰਡੇਰ, ਕੌਰ ਸਿੰਘ ਸੋਹੀ, ਰਤਨ ਸਿੰਘ, ਕਰਤਾਰ ਚੰਦ, ਨਿਰਮਲ ਸਿੰਘ, ਗੋਬਿੰਦ ਕਾਂਤ ਝਾਅ, ਗੁਰਧਿਆਨ ਸਿੰਘ, ਰਾਜਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ‘ਤੇ ਵੱਖ-ਵੱਖ ਸਬ-ਯੂਨਿਟਾਂ ਤੋਂ ਆਏ ਆਗੂਆਂ ਵੱਲੋਂ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੇਂਟ ਅਤੇ ਸੀ.ਐਮ.ਡੀ. ਖਿਲਾਫ ਨਾਅਰੇਬਾਜ਼ੀ ਕੀਤੀ ਗਈ।
Punjab Post Daily Online Newspaper & Print Media