ਅੰਮ੍ਰਿਤਸਰ, 3 ਫਰਵਰੀ (ਗੁਰਚਰਨ ਸਿੰਘ) – ਪੰਜਾਬ ਦੇ ਉਪ ਮੁੱਖ ਮੰਤਰੀ ਸz ਸੁਖਬੀਰ ਸਿੰਘ ਬਾਦਲ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਦੇਸ਼ ਵਿਚਲੇ ਸਭ ਤੋਂ ਵੱਧ ਵਿਕਸਤ ਸ਼ਹਿਰਾਂ ਦੀ ਸੂਚੀ ਵਿੱਚ ਸ਼ੁਮਾਰ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਇਥੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਪਿਛੋਂ ਅੰਮ੍ਰਿਤਸਰ ਇਕ ਨਮੂਨੇ ਦਾ ਸ਼ਹਿਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ 7.39 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਅਤਿ ਸੁੰਦਰ ਦਿੱਖ ਵਾਲੇ ਅੰਮ੍ਰਿਤਸਰ ਦੇ ਸਵਾਗਤੀ ਗੇਟ ਦਾ ਕੰਮ ਆਉਂਦੀ ਵਿਸਾਖੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਸਮੇਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਤਹਿਤ ਚੱਲ ਰਹੇ ਕੰਮਾਂ ਦਾ ਜਾਇਜਾ ਲੈਂਦਿਆਂ ਸz ਬਾਦਲ ਨੇ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮਾਂ ਦੀ ਰਫਤਾਰ ਵਿੱਚ ਤੇਜੀ ਲਿਆਉਂਦਿਆਂ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਅੰਮ੍ਰਿਤਸਰ ਦੀ ਸੁੰਦਰਤਾ ਅਤੇ ਵਿਕਾਸ ਦਾ ਮੁਹਾਂਦਰਾ ਦੇਸ਼ ਦੇ ਅਤਿ ਸੁੰਦਰ ਅਤੇ ਵਿਕਸਤ ਸ਼ਹਿਰਾਂ ਵਾਲਾ ਹੋਣ ਦੇ ਨਾਲ ਪੰਜਾਬ ਸਰਕਾਰ ਦਾ ਸੁਪਨਾ ਵੀ ਸਾਕਾਰ ਹੋਵੇਗਾ।
ਸz ਬਾਦਲ ਨੇ ਸਭ ਤੋਂ ਪਹਿਲਾਂ ਜਿਲ੍ਹਾ ਪ੍ਰਸਾਸ਼ਨ ਦੇ ਉਚ ਅਧਿਕਾਰੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਪਲਾਜਾ ਦੇ ਸੁੰਦਰੀਕਰਨ ਅਤੇ ਬੇਸਮੈਂਟ ਦੀ ਉਸਾਰੀ ਦੇ ਕੰਮ ਦਾ ਜਾਇਜਾ ਲਿਆ। ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੂੰ ਬੇਸਮੈਂਟ ਵਿੱਚ ਉਸਾਰੇ ਜਾ ਰਹੇ ਚਾਰ ਵੱਡੇ ਹਾਲ ਆਦਿ ਜੋ ਕਿ 101 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਦਾ ਲਗਾਤਾਰ ਜਾਇਜਾ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰਾਜੈਕਟਾਂ ਤਹਿਤ ਹੋ ਰਹੀਆਂ ਉਸਾਰੀਆਂ ਅਤੇ ਹੋਰਨਾਂ ਸਿਵਲ ਕੰਮਾਂ ਦੇ ਮਿਆਰ ਨਾਲ ਕਿਸੇ ਵੀ ਕਿਸਮ ਦਾ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਇਸ ਉਪਰੰਤ ਸz ਬਾਦਲ ਨੇ ਟਾਉਨ ਹਾਲ ਵਿਖੇ ਵਿਰਾਸਤੀ ਬਿਲਡਿੰਗ ਦੀ ਸਾਂਭ ਸੰਭਾਲ ਲਈ 1.5 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਪ੍ਰਾਜੈਕਟ ਦਾ ਵੀ ਜਾਇਜਾ ਲਿਆ। ਉਨ੍ਹਾਂ ਕਮਿਸ਼ਨਰ ਨਗਰ ਨਿਗਮ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁੱਖ ਸੜਕਾਂ ਦੇ ਆਲੇ ਦੁਆਲੇ ਪੁੱਟੀਆਂ ਥਾਵਾਂ ਨੂੰ ਭਰਨ ਦੇ ਨਾਲ ਨਾਲ ਉਨ੍ਹਾਂ ‘ਤੇ ਪ੍ਰੀਮਿਕਸ ਅਤੇ ਟਾਇਲਾਂ ਲਗਵਾਉਣ ਤਾਂ ਜੋ ਰੋਜਾਨਾਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪੇਸ਼ ਆ ਰਹੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ, ਗਲੀਆਂ ਅਤੇ ਸੜਕਾਂ ਦੀ ਹਾਲਤ ਵਿੱਚ ਸੁਧਾਰ ਲਿਆਉਂਦਿਆਂ ਉਨ੍ਹਾਂ ਦਾ ਨਵੀਨੀਕਰਨ ਕੀਤਾ ਜਾਵੇ। ਸ ਬਾਦਲ ਨੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਅਤੇ ਪੁਲਿਸ ਕਮਿਸ਼ਨਰ ਸ੍ਰੀ ਜਤਿੰਦਰ ਸਿੰਘ ਔਲਖ ਸਮੇਤ ਬੱਸ ਰੈਪਿਡ ਟਰਾਂਜਿਟ ਸਿਸਟਮ (ਬੀ.ਆਰ.ਟੀ.ਐਸ) ਪ੍ਰਾਜੈਕਟ ਦਾ ਜਾਇਜਾ ਲੈਣ ਲਈ ਛੇਹਰਟਾ ਰੋਡ ‘ਤੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਹਰ ਹੀਲੇ ਨੇਪਰੇ ਚਾੜਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕੰਮ ਦੀ ਰਫਤਾਰ ਅਨੁਸਾਰ ਇਹ ਪ੍ਰਾਜੈਕਟ ਕੁਝ ਮਹੀਨਿਆਂ ਵਿੱਚ ਲਗਭਗ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਰੀਬ 500 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਤੋਂ ਮੁਕੰਮਲ ਤੌਰ ਤੇ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਬੱਸ ਟਰੈਕਾਂ ਤੋਂ ਇਲਾਵਾ ਐਲੀਵੇਟਿਡ ਕਾਰੀਡੋਰ ਵੀ ਉਸਾਰੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਸzzੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਨਿਟ ਦੇ ਐਕਟਿੰਗ ਪ੍ਰਧਾਨ ਸ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਨਵਦੀਪ ਸਿੰਘ ਗੋਲਡੀ, ਸ੍ਰੀ ਰਜਿੰਦਰ ਸਿੰਘ ਮਰਵਾਹਾ ਅਤੇ ਵਿਕਾਸ ਪ੍ਰਾਜੈਕਟਾਂ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media