
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 100 ਫੀਸਦੀ ਸੀਵਰ ਅਤੇ ਪਾਣੀ ਸਕੀਮ ਤਹਿਤ ਮਾਡਲ ਟਾਊਨ ਦੇ ਵਾਰਡ 11 ਅਤੇ 12 ਦੀਆਂ ਐਲ.ਆਈ.ਜੀ ਅਤੇ ਈ.ਡਬਲਿਊ.ਐਸ ਮਕਾਨਾਂ ਵਿੱਚ ਸੀਵਰ ਲਾਈਨ ਪਾਈ ਜਾ ਰਹੀ ਹੈ ਜਿੱਥੇ ਤਰਵੈਨੀ ਕੰਪਨੀ ਖਿਲਾਫ਼ ਲੋਕਾਂ ਦਾ ਗੁੱਸਾ ਭੜਕ ਪਿਆ ਹੈ। ਮੁਹੱਲਾ ਵਾਸੀ ਸੁਰੇਸ਼ ਗੋਇਲ, ਮੱਘਰ ਸਿੰਘ, ਪਵਨ ਕੁਮਾਰ, ਦਵਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪਾਈਪ ਦੇ ਹੇਠਾਂ ਅਤੇ ਨਾਲ ਜੋ ਬੱਜਰ ਅਤੇ ਸੀਮਿੰਟ ਪਾਉਣਾ ਹੁੰਦਾ ਹੈ ਉਹ 1:6:12 ਰੇਸ਼ੋ ਦਾ, ਕੰਪਨੀ ਵੱਲੋਂ ਨਹੀਂ ਪਾਇਆ ਜਾ ਰਿਹਾ।ਪਾਈਪ ਪਾ ਕੇ ਸਿੱਧਾ ਮਿੱਟੀ ਨਾਲ ਹੀ ਦੱਬਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਪਾਈਪਾਂ ਦੀ ਢਲਾਣ ਵੀ ਸਹੀ ਨਹੀਂ ਹੈ ਜਿਸ ਕਾਰਨ ਭਵਿੱਖ ਵਿੱਚ ਸੀਵਰ ਬੰਦ ਰਹਿਣ ਦੀਆਂ ਸੰਭਾਵਨਾਵਾਂ ਬਰਕਰਾਰ ਰਹਿਣਗੀਆਂ। ਸੀਮਿੰਟ ਅਤੇ ਬੱਜਰੀ ਦੇ ਨਾਮ ਤੇ ਸਿਰਫ ਲੀਪਾਪੋਤੀ ਕੀਤੀ ਜਾ ਰਹੀ ਹੈ। ਇਸ ਮੌਕੇ ਹਾਜਰ ਤਰਵੈਣੀ ਕੰਪਨੀ ਦੇ ਇੰਜੀਨੀਅਰਾਂ ਨੇ ਠੇਕੇਦਾਰ ਤੋਂ ਦੁਬਾਰਾ ਪਾਈਪ ਪੁੱਟਣ ਅਤੇ ਪੂਰਾ ਮਾਲ ਪਾਉਣ ਦੇ ਨਿਰਦੇਸ਼ ਦਿੱਤੇ ਹਨ ਪਰ ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਆਪਣੀ ਦੇਖਰੇਖ ਹੇਠ ਕੰਮ ਕਰਵਾਉਣ ਤਾਂ ਕਿ ਭਵਿੱਖ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ।
Punjab Post Daily Online Newspaper & Print Media