
ਭਿੱਖੀਵਿੰਡ, 7 ਫਰਵਰੀ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਵਿਖੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਗੁਰਦੁਆਰਾ ਜਨਮ ਅਸਥਾਨ ਬਾਬਾ ਸੁੱਖਾ ਸਿੰਘ ਜੀ ਵਿਖੇ ਮੁੱਖ ਪ੍ਰਬੰਧਕ ਬਾਬਾ ਚਤਰ ਸਿੰਘ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੇਲੇ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਇਆ ਗਿਆ, ਜਿਸ ਵਿੱਚ ਉੱਚ ਕੋਟੀ ਦੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਦੇ ਜੀਵਨ ਬਾਰੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸਮੇਂ ਹੋਏ ਅੰਮ੍ਰਿਤ ਸੰਚਾਰ ਦੌਰਾਨ ਗੁਰੂ ਕੀਆਂ ਸੰਗਤਾਂ ਨੂੰ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਗਿਆ। ਸ਼ਾਮ ਦੇ ਸਮੇਂ ਕੱਬਡੀ ਦੀਆਂ ਦੋ ਨਾਮਵਰ ਟੀਮਾਂ ਗੋਪੀ ਫਰੰਦੀਪੁਰ, ਸੁਖਮਨ ਚੋਹਲਾ ਦੀਆਂ ਟੀਮਾਂ ਵਿਚਕਾਰ ਮੁਕਾਬਲਾ ਹੋਇਆ, ਜਿਸ ਦੀ ਸ਼ੁਰੂਆਤ ਬਾਬਾ ਚਤਰ ਸਿੰਘ ਅਤੇ ਸਰਪੰਚ ਪਲਵਿੰਦਰ ਸਿੰਘ ਵੱਲੋਂ ਕਰਵਾਈ ਗਈ।ਮੈਚ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਨੇਜਾਬਾਜ਼ੀ ਦੇ ਕਰਤਬ ਦਿਖਾਏ ਗਏ।ਸਟੇਜ ਸੈਕਟਰੀ ਦੀ ਸੇਵਾ ਮਾਸਟਰ ਬੇਅੰਤ ਸਿੰਘ ਅਤੇ ਬੂਟਾ ਸਿੰਘ ਵੱਲੋਂ ਬੜੇ ਸੁਚੱਜੇ ਢੰਗ ਨਿਭਾਈ ਗਈ, ਜਦਕਿ ਮਾੜੀ ਕੰਬੋਕੇ ਦੀਆਂ ਸੰਗਤਾਂ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ। ਸਮਾਗਮ ਦੌਰਾਨ ਸਟੇਜ਼ ‘ਤੇ ਬਾਬਾ ਸੁਰਜੀਤ ਸਿੰਘ ਕੈਰੋਂ ਵਾਲੇ, ਬਾਬਾ ਬਲਵਿੰਦਰ ਸਿੰਘ ਕੰਬੋਕੇ, ਸਰਪੰਚ ਨਿਸ਼ਾਨ ਸਿੰਘ, ਮੈਂਬਰ ਸਾਹਿਬ ਸਿੰਘ, ਸਤਨਾਮ ਸਿੰਘ ਆੜਤੀਆ, ਸਪੂਰਨ ਸਿੰਘ, ਜੈਮਲ ਸਿੰਘ, ਗੁਰਦਾਸ ਸਿੰਘ, ਨਿਰਮਲ ਸਿੰਘ, ਜਥੇਦਾਰ ਬਲਕਾਰ ਸਿੰਘ, ਭਗਵੰਤ ਸਿੰਘ ਚੇਅਰਮੈਨ, ਸੰਦੀਪ ਸਿੰਘ ਕੰਬੋਕੇ ਆਦਿ ਬਿਰਾਜਮਾਨ ਹਾਜ਼ਰ ਸਨ।
Punjab Post Daily Online Newspaper & Print Media