
ਨਵੀਂ ਦਿੱਲੀ, 9 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਹਰਦੇਵ ਸਿੰਘ ਧਨੋਆ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰੰਘ ਬਾਦਲ ਦੀ ਬੀਤੇ ਦਿਨੀਂ ਦਿੱਲੀ ਵਿਖੇ ਹੋਈ ਬੈਠਕ ਬਾਰੇ ਕੀਤੀ ਗਈ ਬਿਆਨਬਾਜ਼ੀ ‘ਤੇ ਸਖਤ ਇਤਰਾਜ਼ ਜਤਾਇਆ ਹੈ। ਧਨੋਆ ਨੇ ਕਿਹਾ ਕਿ ਸਰਨੀਆਂ ਦੀ ਬਿਆਨਬਾਜੀ ਸਿੱਖ ਅਤੇ ਪੰਜਾਬ ਦੇ ਮਸਲਿਆਂ ‘ਤੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਨਾਲਾਇਕੀ ਨੂੰ ਛੁਪਾਉਣ ਦੀ ਪੰਥ ਦੋਖੀਆਂ ਦੀ ਪੁਰਾਣੀ ਰਣਨੀਤੀ ਦਾ ਹਿੱਸਾ ਸੀ, ਸੁਖਬੀਰ ਬਾਦਲ ਨੇ ਜਿਸ ਦਿਲੇਰੀ ਅਤੇ ਇਮਾਨਦਾਰੀ ਨਾਲ ਪੰਜਾਬ ਦਾ ਅਕਸ਼ ਖਰਾਬ ਕਰਨ ਵਾਲੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ, ਉਹ ਸਰਨਾ ਨੂੰ ਬਰਦਾਸ਼ਤ ਨਹੀਂ ਹੋਇਆ।
ਧਨੋਆ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਜਿਸ ਨਾਲਾਇਕੀ ਨਾਲ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਦੱਸਣ ਦੀ ਗਲਤ ਆਂਕੜਿਆਂ ਦੇ ਸਹਾਰੇ ਕੋਸ਼ਿਸ਼ ਕੀਤੀ ਸੀ ਉਸਨੂੰ ਬਾਦਲ ਨੇ ਤੱਥਾਂ ਦੇ ਨਾਲ ਸਾਹਮਣੇ ਰੱਖਕੇ ਕਾਂਗਰਸ ਦੇ ਮਨ ਵਿਚ ਸਿੱਖਾਂ ਅਤੇ ਪੰਜਾਬ ਪ੍ਰਤੀ ਗਲਤ ਭਾਵਨਾ ਨੂੰ ਸਾਹਮਣੇ ਲਿਆ ਕੇ ਦਿੱਲੀ ਦੀਆਂ ਸੰਗਤਾਂ ਦੀ ਅੱਖਾਂ ਖੋਲ ਦਿੱਤੀਆਂ ਹਨ। ਧਨੋਆ ਨੇ ਬਾਦਲ ਵੱਲੋਂ ਆਪਣੀ ਸਰਕਾਰ ਦੀ ਕਾਰਗੁਜਾਰੀ ਦੀ ਆਂਕੜਿਆਂ ਰਾਹੀਂ ਕੀਤੀ ਗਈ ਪੇਸ਼ਕਾਰੀ ਦੇ ਨਾਲ ਹੀ ਮੌਜੂਦ ਲੋਕਾਂ ਵੱਲੋਂ ਸਵਾਲ ਪੁੱਛਣ ਨੂੰ ਸੰਗਤਾਂ ਦੇ ਨਾਲ ਰੂਬਰੂ ਹੋਣ ਦੇ ਤੌਰ ਤੇ ਵੀ ਦੱਸਿਆ। ਧਨੋਆ ਨੇ ਸਰਨਾ ਭਰਾਵਾਂ ਵੱਲੋਂ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਸਟਾਫ ਅਤੇ ਕਮੇਟੀ ਮੈਂਬਰਾਂ ਨੂੰ ਗਾਲ੍ਹਾਂ ਕੱਢਣ ਅਤੇ ਫਾਈਲਾਂ ਸੁੱਟਣ ਦੀ ਕਾਰਗੁਜਾਰੀ ਨੂੰ ਚੇਤਾ ਕਰਦੇ ਹੋਏ ਸਰਨਾ ਭਰਾਵਾਂ ਦੀ ਤਾਨਾਸ਼ਾਹੀ ਦੇ ਤੌਰ ਤੇ ਵੀ ਪ੍ਰਰਿਭਾਸ਼ਿਤ ਕੀਤਾ। ਧਨੋਆ ਨੇ ਸਵਾਲ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਆਪਣੀ ਪਾਰਟੀ ਦੇ ਆਗੂਆਂ ਅਤੇ ਹਮਾਇਤੀਆਂ ਨਾਲ ਗੱਲਬਾਤ ਕਰਨਾ ਕਦੋਂ ਤੋਂ ਤਾਨਾਸ਼ਾਹੀ ਹੋ ਗਿਆ?
Punjab Post Daily Online Newspaper & Print Media