
ਸੰਦੌੜ, 10 ਫਰਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅਤੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਤੇ ਜਾ ਰਹੇ ਵੱਡੇ ਸਹਿਯੋਗ ਸਦਕਾ ਹਲਕਾ ਮਾਲੇਰਕੋਟਲਾ ਨੂੰ ਸੁੰਦਰ ਦਿੱਖ ਦੇਣ ਦਾ ਉਪਰਾਲਾ ਹੀ ਮੇਰਾ ਮੁੱਖ ਮਕਸਦ ਹੈ, ਜਿਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਪੰਜਾਬ ਬੀਬੀ ਫਰਜ਼ਾਨਾਂ ਆਲਮ ਨੇ ਕਿਲਾ ਰਹਿਮਤਗੜ੍ਹ ਵਿਖੇ ਸਾਢੇ 18 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਮਿੰਨੀ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਜੁੜੇ ਇਲਾਕਾ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੀ ਵਿਕਾਸਮਈ ਸੋਚ ਸਦਕਾ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਥੇ ਸਰਕਾਰ ਵਲੋਂ 6 ਐਸਟ੍ਰੋਟਰਫ ਹਾਕੀ ਸਟੇਡੀਅਮਾਂ ਦੀ ਉਸਾਰੀ ਕੀਤੀ ਗਈ ਉਥੇ ਹੀ ਕਈ ਬਹੁਮੰਤਵੀ ਖੇਡ ਸਟੇਡੀਅਮ ਵੀ ਉਸਾਰੇ ਗਏ ਹਨ। ਬੀਬੀ ਫਰਜ਼ਾਨਾਂ ਨੇ ਕਿਹਾ ਕਿ ਦਿਨੋਂ-ਦਿਨ ਅਲੋਪ ਹੁੰਦੀ ਜਾ ਰਹੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਜਿਥੇ ਪੰਜਾਬ ਸਰਕਾਰ ਵੱਲੋਂ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ ਉਥੇ ਹੋਰਨਾਂ ਖੇਡਾਂ ਨੂੰ ਵੀ ਪ੍ਰਫੂਲਤ ਕਰਨ ਦੇ ਉਪਰਾਲੇ ਕਰਕੇ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਗੰਭੀਰ ਯਤਨ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਇਨ੍ਹਾਂ ਸ਼ਲਾਘਾਯੋਗ ਉਦਮਾਂ ਸਦਕਾ ਹੀ ਪੰਜਾਬ ਦੇ ਖਿਡਾਰੀ ਏਸ਼ੀਅਨ, ਉਲੰਪਿਕ ਅਤੇ ਹੋਰ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵੱਲ ਵਧ ਰਹੇ ਹਨ। ਬੀਬੀ ਫਰਜ਼ਾਨਾਂ ਨੇ ਇਕੱਤਰ ਖੇਡ ਪ੍ਰੇਮੀਆਂ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਦੌਰਾਨ ਪੰਜਾਬ ਦੇ ਵਿਕਾਸ ਨੂੰ ਹੋਰ ਜੰਗੀ ਪੱਧਰ ‘ਤੇ ਲਿਜਾਣ ਲਈ ਸਰਕਾਰ ਦੇ ਤਹੱਈਏ ਬਾਰੇ ਵਿਸਥਾਰ ‘ਚ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2016 ਨੂੰ ਵਿਕਾਸ ਵਰ੍ਹੇ ਵੱਜੋਂ ਮਨਾਉਣ ਤਹਿਤ ਰਾਜ ਦੇ ਸਮੁੱਚੇ ਸ਼ਹਿਰਾਂ ਦਾ ਪੜ੍ਹਾਅਵਾਰ ਸਰਵਪੱਖੀ ਵਿਕਾਸ ਕਰਨ ਦੀ ਯੋਜਨਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਬੀਬੀ ਫਰਜ਼ਾਨਾਂ ਨੇ ਦੱਸਿਆ ਕਿ ਸ਼ਹਿਰ ਦੇ ਅਧੂਰੇ ਪਏ ਵਿਕਾਸ ਕੰਮਾਂ ਦੀਆਂ ਸਰਵੇ ਮੁਤਾਬਿਕ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਪਹਿਲ ਦੇ ਅਧਾਰ ‘ਤੇ ਕੰਮ ਹੋਣ ਵਾਲੇ ਹਨ ਉਨ੍ਹਾਂ ਨੂੰ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਬੀਬੀ ਫਰਜ਼ਾਨਾਂ ਨੇ ਖੇਡ ਸਟੇਡੀਆਂ ਦੇ ਨਾਲ ਹੀ ਸਥਿਤ ਕਮਿਊਨਿਟੀ ਹਾਲ ਦੇ ਸੈਡ ਤੇ ਬਾਂਉਡਰੀ ਦੀ 20 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾਣ ਵਾਲੀ ਉਸਾਰੀ ਦਾ ਵੀ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਬੀਬੀ ਫਰਜ਼ਾਨਾਂ ਦਾ ਕਿਲਾ ਰਹਿਮਤਗੜ੍ਹ ਪੁੱਜਣ ‘ਤੇ ਸਵਾਗਤ ਕਰਦਿਆਂ ਨਗਰ ਕੌਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਨੇ ਜਿਥੇ ਆਲਮ ਹਾਉਸ ਵੱਲੋਂ ਕਿਲਾ ਰਹਿਮਤਗੜ੍ਹ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਮੁਹੱਈਆ ਕਰਾਉਣ ‘ਤੇ ਧੰਨਵਾਦ ਕੀਤਾ ਉਥੇ ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 6 ਦੇ ਮੁਹੱਲਾ ਘੁਮਿਆਰਾਂ ਵਿਖੇ ਵੀ ਜਲਦੀ ਹੀ ਇਕ ਕਮਿਊਨਿਟੀ ਹਾਲ ਦੀ ਉਸਾਰੀ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਪਤਵੰਅਿਾਂ ਵਿਚ ਨਗਰ ਕੌਂਸਲ ਦੇ ਈ.ਓ. ਰਵਨੀਤ ਸਿੰਘ, ਕੌਂਸਲ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਸਾਬਕਾ ਪ੍ਰਧਾਨ ਬੀਬੀ ਭੋਲੀ ਇਸਮਾਇਲ, ਕੌਂਸਲਰ ਮੈਡਮ ਸ਼ਮਾ ਫਰਾਜੀ, ਮੁਹੰਮਦ ਅਸਲਮ ਕਾਲਾ ਕੌਂਸਲਰ, ਜਨਾਬ ਖੁਸ਼ੀ ਮੁਹੰਮਦ ਪੋਪਾ, ਪੀ.ਏ. ਗੁਰਮੇਲ ਸਿੰਘ, ਮਾਸਟਰ ਮੁਹੰਮਦ ਰਫੀਕ, ਜਨਾਬ ਬਸ਼ੀਰ-ਉਲ-ਹੱਕ, ਨੂਰ ਮੁਹੰਮਦ ਨੂਰ, ਮੁਹੰਮਦ ਇਸਰਾਰ, ਹਨੀਫ ਨੰਬਰਦਾਰ, ਮੁਖਤਿਆਰ ਸਿੰਘ ਅਤੇ ਹਰਵਿੰਦਰ ਸਿੰਘ ਬਿੰਦਰ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media