
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਗੁਰ ਗਿਆਨ ਅਵੇਯਰਨੈਸ ਟੀਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਸਵੈਮਾਨ ਦਿਹਾੜਾ ਮਨਾਇਆ ਗਿਆ। ਜਮੁਨਾਪਾਰ ਦੇ ਡੇਰਾ ਬਾਬਾ ਕਰਮ ਸਿੰਘ ਵਿਖੇ ਕਰਵਾਏ ਗਏ ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਲਗਭਗ 250 ਬੱਚਿਆਂ ਨੇ ਭਾਗ ਲਿਆ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ,ਗੁਰਮਤਿ ਕਾੱਲਜ ਦੇ ਚੇਅਰਮੈਨ ਹਰਿੰਦਰਪਾਲ ਸਿੰਘ, ਦਿੱਲੀ ਕੇਮਟੀ ਮੈਂਬਰ ਜਤਿੰਦਰ ਸਿੰਘ ਗੋਲਡੀ ਅਤੇ ਮਨਮੋਹਨ ਸਿੰਘ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਜੂਨੀਅਰ ਦੁਮਾਲਾ ਮੁਕਾਬਲੇ ਵਿਚ ਪਹਿਲੇ ਨੰਬਰ ਤੇ ਅਮਨਦੀਪ ਸਿੰਘ, ਦੂਜੇ ਨੰਬਰ ਤੇ ਰਹਿਤਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਅਤੇ ਤੀਜੇ ਨੰਬਰ ਤੇ ਅਮਨਦੀਪ ਸਿੰਘ, ਸੀਨੀਅਰ ਦੁਮਾਲਾ ਮੁਕਾਬਲੇ ਵਿਚ ਕ੍ਰਮਵਾਰ ਅਮਨਦੀਪ ਸਿੰਘ, ਪ੍ਰੀਤ ਕੌਰ ਅਤੇ ਰਵਜੀਤ ਸਿੰਘ ਜੇਤੂ ਰਹੇ। ਇਸੇ ਤਰ੍ਹਾਂ ਹੀ ਜੂਨੀਅਰ ਦਸਤਾਰ ਮੁਕਾਬਲੇ ਵਿਚ ਕ੍ਰਮਵਾਰ ਸਰਬਜੋਤ ਸਿੰਘ, ਮਿਲਨਪ੍ਰੀਤ ਸਿੰਘ ਤੇ ਤੀਜੇ ਨੰਬਰ ਤੇ ਪਰਮਜੀਤ ਸਿੰਘ ਤੇ ਇਸ਼ਪ੍ਰੀਤ ਸਿੰਘ ਅਤੇ ਸੀਨੀਅਰ ਦਸਤਾਰ ਮੁਕਾਬਲੇ ਵਿੱਚ ਪ੍ਰਭਦੀਪ ਸਿੰਘ, ਪਵਨੀਤ ਸਿੰਘ ਅਤੇ ਤੀਜੇ ਨੰਬਰ ਤੇ ਰਤਨਦੀਪ ਸਿੰਘ ਤੇ ਸਾਹਿਬਜੀਤ ਸਿੰਘ ਜੇਤੂ ਰਹੇ। ਰਾਣਾ ਨੇ ਇਸ ਮੌਕੇ ਦਸਤਾਰ ਨੂੰ ਪਿਆਰ ਕਰਨ ਵਾਲੇ ਬੱਚਿਆਂ ਨੂੰ ਨਿੱਘੀ ਵਧਾਈ ਦਿੰਦੇ ਹੋਏ ਦਸਤਾਰ ਦੀ ਲੋੜ ਤੇ ਵੀ ਚਾਨਣਾ ਪਾਇਆ।ਰਾਣਾ ਨੇ ਗੁਰ ਗਿਆਨ ਅਵੇਯਰਨੈਸ ਟੀਮ ਨੂੰ ਬੱਚਿਆਂ ਨੂੰ ਗੁਰਚਰਣੀ ਲਗਾਉਣ ਵਾਸਤੇ ਉਪਰਾਲੇ ਕਰਨ ਦੀ ਸਲਾਹ ਦਿੰਦੇ ਹੋਏ ਬੱਚਿਆਂ ਨੂੰ ਦੇਗ ਦੇ ਮਹੱਤਵ ਤੋਂ ਵੀ ਜਾਣੂ ਕਰਵਾਉਣ ਵਾਸਤੇ ਪ੍ਰੇਰਿਆ। ਹਰਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਦਸਤਾਰ ਦੀ ਸ਼ਾਨ ਬਰਕਰਾਰ ਰੱਖਣ ਵਾਸਤੇ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਟੀਮ ਦੇ ਪਤਵੰਤੇ ਸਜਣ ਹਰਪਾਲ ਸਿੰਘ,ਬੀਬੀ ਇੰਦਰਜੀਤ ਕੌਰ, ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਸਵਰਣ ਸਿੰਘ ਅਤੇ ਜਗਮੋਹਨ ਸਿੰਘ ਮੌਜੂਦ ਸਨ। ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਨਾਲ ਪੱਗ ਅਤੇ ਮਾਇਕ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media