
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਅਤੇ ਅੰਤਰਰਾਸ਼ਟਰੀ ਪੱਧਰ ਦੀ ਉੱਘੀ ਗੈਰ-ਸਰਕਾਰੀ ਸੰਸਥਾ, ਸਰਬੱਤ ਦਾ ਭਲਾ ਟਰੱਸਟ, ਜਲਦ ਹੀ ਤਾਲਮੇਲ ਕਰਕੇ ਸਿੱਖ ਮਾਰਸ਼ਲ ਆਰਟ ‘ਗਤਕੇ’ ਦੇ ਵਿਕਾਸ ਲਈ ਇਕ ਸਮਝੌਤਾ ਕਰਨਗੇ। ਦੋਵੇਂ ਸੰਸਥਾਵਾਂ ਜਲਦ ਹੀ ਇਸ ਆਲੋਪ ਹੋ ਰਹੀ ਸਿੱਖ ਮਾਰਸ਼ਲ ਆਰਟ ਦੇ ਰੱਖ-ਰਖਾਵ ਅਤੇ ਵਿੱਦਿਅਕ ਪੱਖ ਨੂੰ ਉਜਾਗਰ ਕਰਨ ਲਈ ਪੋਸਟ ਗ੍ਰੈਜ਼ੂਏਟ ਡਿਪਲੋਮਾ ਸ਼ੁਰੂ ਕਰਕੇ ਇਸ ਪੁਰਾਤਨ ਕਲਾ ਨੂੰ ਬਚਾਉਣ ਲਈ ਅਹਿਮ ਯਤਨ ਕਰਨਗੀਆਂ।
ਇਸ ਸਬੰਧੀ ਉੱਘੇ ਸਮਾਜ ਸੇਵੀ, ਦੁਬਈ ਦੇ ਨਾਮਵਰ ਕਾਰੋਬਾਰੀ ਤੇ ਉਕਤ ਸੰਸਥਾ ਦੇ ਮੁੱਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅਜਿਹਾ ਡਿਪਲੋਮਾ ਸ਼ੁਰੂ ਕਰਨ ‘ਤੇ ਆਪਣਾ ਸਹਿਯੋਗ ਦੇਣ ਦਾ ਵਚਨ ਦਿੱਤਾ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਉਹ ਜਲਦ ਹੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਵਿੱਚ ਇਕ ਕਮੇਟੀ ਦਾ ਗਠਨ ਕਰਨਗੇ, ਜੋ ਕਿ ਉਪਰੋਕਤ ਅਦਾਰੇ ਨਾਲ ਰਾਬਤਾ ਕਾਇਮ ਕਰਕੇ ਅਜਿਹੇ ਕੋਰਸ ਦੀ ਆਰੰਭਤਾ ਕਰਨ ਲਈ ਰੂਪ-ਰੇਖਾ ਉਲੀਕੇਗੀ।
ਡਾ. ਮਹਿਲ ਸਿੰਘ ਨੇ ਗਤਕੇ ‘ਤੇ ਡਿਪਲੋਮੇ ਦੀ ਸ਼ੁਰੂਆਤ ਅਗਲੇ ਅਕਾਦਮਿਕ ਸ਼ੈਸ਼ਨ ਤੋਂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਇਕ ਖੁਦ-ਮੁਖਤਿਆਰ ਸੰਸਥਾ ਹੈ, ਜੋ ਕਿ ਕੋਈ ਵੀ ਨਵੀਂ ਕੋਰਸ ਸ਼ੁਰੂ ਕਰਨ ਦੇ ਸਮਰਥ ਹੈ। ਸ: ਛੀਨਾ ਨੇ ਇਸ ਤੋਂ ਪਹਿਲਾਂ ਕਿਹਾ ਕਿ ਇਹ ਕੋਰਸ ਸ਼ੁਰੂ ਕਰਨ ਤੋਂ ਬਾਅਦ ਕਾਲਜ ਵਿਦਿਆਰਥੀਆਂ ਨੂੰ ਸਿਖਲਾਈ ਵੀ ਪ੍ਰਦਾਨ ਕਰੇਗਾ ਅਤੇ ਗੁਰੂਆਂ ਦੇ ਸਮੇਂ ਤੋਂ ਚਲੀ ਆ ਰਹੀ ਗਤਕੇ ਦੀ ਪ੍ਰੰਪਰਾ ਜੋ ਕਿ ਆਲੋਪ ਹੋ ਰਹੀ ਹੈ, ਦੀ ਰੱਖਿਆ ਸੱਭਿਆਚਾਰਕ ਢੰਗ ਨਾਲ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸ: ਛੀਨਾ ਨੇ ਸ: ਓਬਰਾਏ ਦਾ ਮੈਨੇਜ਼ਮੈਂਟ ਦਫਤਰ ਵਿਖੇ ਪੁੱਜਣ ‘ਤੇ ਉਨ੍ਹਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਜੋ ਲੋਕ ਭਲਾਈ ਦੇ ਕਾਰਜ ਬਿਨ੍ਹਾਂ ਕਿਸੇ ਸਵਾਰਥ ‘ਤੇ ਕੀਤੇ ਜਾ ਰਹੇ ਹਨ, ਉਹ ਸਲਾਹੁਣਯੋਗ ਹਨ। ਸ: ਓਬਰਾਏ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਇਤਿਹਾਸਕ ਵਿੱਦਿਅਕ ਸੰਸਥਾ ਨਾਲ ਹੱਥ ਮਿਲਾਕੇ ਇਸ ਉਪਰਾਲੇ ਨੂੰ ਕਾਮਯਾਬ ਕਰਨਗੇ। ਉਨ੍ਹਾਂ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਇਹ ਮਾਰਸ਼ਲ ਆਰਟ ਨੂੰ ਲੋਕ ਭੁਲਾ ਰਹੇ ਹਨ ਅਤੇ ਇਸ ਨੂੰ ਪ੍ਰਫ਼ੁਲਿੱਤ ਕਰਨ ਲਈ ਅਕਾਦਮਿਕ ਪੱਧਰ ‘ਤੇ ਇਸ ਸਬੰਧੀ ਪੜ੍ਹਾਈ ਅਤੇ ਖੋਜ਼ ‘ਤੇ ਜ਼ੋਰ ਦੇਣ ਦੀ ਸਖ਼ਤ ਜਰੂਰਤ ਹੈ। ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਹਮੇਸ਼ਾਂ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦਿੰਦਾ ਹੈ ਅਤੇ ਇਸੇ ਸੰਦਰਭ ਵਿੱਚ ਉਪਰੋਕਤ ਵਿਸ਼ੇ ‘ਤੇ ਕੰਮ ਕੀਤਾ ਜਾਵੇਗਾ ਅਤੇ ਗਰੀਬ ਵਿਦਿਆਰਥੀ ਜੋ ਗਤਕਾ ਦੀ ਵਿੱਦਿਆ ਜਾਂ ਸਿਖਲਾਈ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀਆਂ ਫ਼ੀਸਾਂ ਅਤੇ ਵਜ਼ੀਫ਼ੇ ਸੰਸਥਾ ਵੱਲੋਂ ਦਿੱਤੇ ਜਾਣਗੇ। ਇਸ ਮੌਕੇ ਸ: ਛੀਨਾ ਨੇ ਸ: ਓਬਰਾਏ ਨੂੰ ਸਿਰੋਪਾਓ, ਲੋਈ ਅਤੇ ਕਾਲਜ ਤਸਵੀਰ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਸੁਖਦੀਪ ਸਿੰਘ ਸਿੱਧੂ, ਜਗਦੇਵ ਸਿੰਘ ਐੱਸ. ਡੀ. ਓ., ਸ਼ਿਵਦੇਵ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media