
ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ ਸੱਗੂ)- ਡਾਕ ਵਿਭਾਗ ਦੀਆਂ ਛੋਟੀਆਂ ਬੱਚਤ ਸਕੀਮਾਂ ਜਿਥੇ ਆਮ ਆਦਮੀ ਲਈ ਵਰਦਾਨ ਸਿੱਧ ਰਹੀਆਂ ਹਨ ਉਥੇ ਇਹ ਸੂਬੇ ਅਤੇ ਮੁਲਕ ਦੇ ਵਿਕਾਸ ਵਿਚ ਵੀ ਅਹਿਮ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਸਹਾਇਕ ਕਮਿਸ਼ਨਰ ਡਾ. ਪ੍ਰੀਤੀ ਯਾਦਵ ਆਈ. ਏ. ਐਸ ਨੇ ਅੱਜ ਸਥਾਨਕ ਮੁੱਖ ਡਾਕਘਰ ਵਿਖੇ ਡਾਕ ਵਿਭਾਗ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਵਿਸ਼ਾਲ ਮੇਲੇ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ। ਆਈ. ਪੀ. ਐਸ ਸ੍ਰੀ ਗੌਰਵ ਗਰਗ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸੀਨੀਅਰ ਸੁਪਰਡੈਂਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇਠਮੱਲ ਜਿਨਗਰ, ਸੀਨੀਅਰ ਬੱਚਤ ਅਫ਼ਸਰ ਅੰਮ੍ਰਿਤਸਰ ਸ੍ਰੀ ਗੁਲਸ਼ਨ ਕੁਮਾਰ, ਏ. ਐਸ. ਪੀ ਹੈਡਕੁਆਰਟਰ ਸ੍ਰੀ ਵਿਕਾਸ ਸ਼ਰਮਾ, ਸੀਨੀਅਰ ਪੋਸਟ ਮਾਸਟਰ ਸ੍ਰੀ ਦੀਪਕ ਸ਼ਰਮਾ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਇੰਸਪੈਕਟਰ ਅਤੇ ਏ. ਐਸ. ਪੀ ਹਾਜ਼ਰ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਡਾਕ ਵਿਭਾਗ ਵੱਲੋਂ ਹਾਲ ਹੀ ਵਿਚ ਸ਼ੁਰੂ ਕੀਤੀਆਂ ਗਈਆਂ ਜਨ ਸੁਰੱਖਿਆ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਸੁਕੰਨਿਆ ਸਮ੍ਰਿਧੀ ਯੋਜਨਾ, ਅਟਲ ਪੈਨਸ਼ਨ ਯੋਜਨਾ, ਪੀ. ਐਲ. ਆਈ ਅਤੇ ਹੋਰ ਆਰ. ਡੀ, ਕਿਸਾਨ ਵਿਕਾਸ ਪੱਤਰ, ਐਨ. ਐਸ. ਸੀ, ਟਾਈਮ ਡਿਪੋਜ਼ਿਟ ਸਕੀਮ ਆਦਿ ਅਧੀਨ ਜਿਥੇ ਜਮ੍ਹਾਂ ਕਰਤਾਵਾਂ ਨੂੰ ਵਧੇਰੇ ਵਿਆਜ ਮਿਲਦਾ ਹੈ ਉਥੇ ਇਹ ਪੈਸਾ ਸਰਕਾਰ ਵੱਲੋਂ ਰਾਜ ਦੇ ਵਿਕਾਸ ਕੰਮਾਂ ਲਈ ਖ਼ਰਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਵਿਚੋਂ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸੁਕੰਨਿਆ ਸਮ੍ਰਿਧੀ ਯੋਜਨਾ ਬੇਟੀਆਂ ਲਈ ਇਕ ਵਰਦਾਨ ਦੀ ਤਰ੍ਹਾਂ ਹੈ, ਜਿਸ ਨਾਲ ਬੇਟੀਆਂ ਦੀ ਪੜ੍ਹਾਈ, ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਖੁਸ਼ਹਾਲ ਜ਼ਿੰਦਗੀ ਲਈ ਪੈਸਾ ਜੁੜ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਆਪਣੀ ਬੇਟੀ ਦੇ ਸੁਨਹਿਰੀ ਭਵਿੱਖ ਲਈ ਇਸ ਸਕੀਮ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਡਾਕ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ‘ਮਾਈ ਸਟੈਂਪ’ ਸਕੀਮ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀ ਗੌਰਵ ਗਰਗ ਨੇ ਵੀ ਕਿਹਾ ਕਿ ਡਾਕਘਰ ਦੀਆਂ ਸਕੀਮਾਂ ਦਾ ਸਾਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਅੰਮ੍ਰਿਤਸਰ ਪੋਸਟਲ ਡਵੀਜ਼ਨ ਵੱਲੋਂ ਵਧੀਆ ਢੰਗ ਨਾਲ ਦਿੱਤੀਆਂ ਜਾ ਰਹੀਆਂ ਡਾਕ ਸੇਵਾਵਾਂ ਦੀ ਸ਼ਲਾਘਾ ਕੀਤੀ। ਸੀਨੀਅਰ ਸੁਪਰਡੈਂਟ ਪੋਸਟ ਆਫਿਸਜ਼ ਅੰਮ੍ਰਿਤਸਰ ਸ੍ਰੀ ਜੇਠਮੱਲ ਜਿਨਗਰ ਨੇ ਡਾਕ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਡਾਕਘਰਾਂ ਅਤੇ ਡਾਕ ਕਰਮੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ ਖਾਤੇ ਖੁੱਲ੍ਹਵਾਉਣ ਵਾਲੀਆਂ ਬੱਚੀਆਂ ਨੂੰ ਪਾਸ ਬੁੱਕਾਂ ਵੀ ਭੇਟ ਕੀਤੀਆਂ ਗਈਆਂ।
Punjab Post Daily Online Newspaper & Print Media