ਖੱਟਰ ਸਰਕਾਰ ਅਸਤੀਫਾ ਦੇ ਕੇ ਜਨਤਕ ਤੌਰ ‘ਤੇ ਮੁਆਫੀ ਮੰਗੇ- ਕੁਸ਼ਲ ਭੌਰਾ
ਅੰਮ੍ਰਿਤਸਰ, 29 ਫਰਵਰੀ (ਜਸਦੀਪ ਸਿੰਘ ਸੱਗੂ)- ਪੰਜਾਬ ਇਸਤਰੀ ਸਭਾ ਨੇ ਹਰਿਆਣਾ ਦੇ ਮੂਥਲ ਵਿਖੇ ਕੀਤੀ ਗਈ ਲੁੱਟਮਾਰ ਤੇ ਔਰਤਾਂ ਨਾਲ ਕਥਿਤ ਤੌਰ ‘ਤੇ ਔਰਤਾਂ ਨਾਲ ਕੀਤੇ ਗਏ ਬਲਾਤਕਾਰਾਂ ਦੀ ਵਾਪਰੀ ਸਨਸਨੀਖੇਜ਼ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਹਰਿਆਣਾ ਦੀ ਖੱਟਰ ਸਰਕਾਰ ਨੂੰ ਪਾਣੀ ਪਾਣੀ ਪੀ ਕੇ ਕੋਸਦਿਆ ਕਿਹਾ ਕਿ ਹਰਿਆਣੇ ਵਿੱਚ ਕੋਈ ਲੋਕਤਾਂਤਰਿਕ ਸਰਕਾਰ ਨਹੀ ਹੈ ਸਗੋ ਗੁੰਡਾਗਰਦੀ ਦਾ ਨੰਗਾ ਨਾਚ ਕਈ ਦਿਨ ਹੁੰਦਾ ਰਿਹਾ ਜਿਸ ਦੀ ਜਾਂਚ ਕਰਵਾ ਕੇ ਦੋਸ਼ੀਆ ਨੂੰ ਸਖਤ ਤੋ ਸਖਤ ਸਜਾਵਾਂ ਦਿੱਤੀਆ ਜਾਣ।
ਜਾਰੀ ਇੱਕ ਬਿਆਨ ਰਾਹੀ ਇਸਤਰੀ ਸਭਾ ਪੰਜਾਬ ਦੀ ਸੂਬਾ ਜਨਰਲ ਸਕੱਤਰ ਬੀਬੀ ਰਾਜਿੰਦਰਪਾਲ ਕੌਰ, ਪ੍ਰਧਾਨ ਬੀਬੀ ਕੁਸ਼ਲ ਭੋਰਾ ਤੇ ਸਰਪ੍ਰਸਤ ਬੀਬੀ ਨਰਿੰਦਰਪਾਲ ਨੇ ਕਿਹਾ ਕਿ ਇਸਤਰੀ ਸਭਾ ਔਰਤਾਂ ਨਾਲ ਹੋ ਰਹੀ ਜਿਆਦਤੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਗੀ ਤੇ ਲੋੜ ਪਈ ਤਾਂ ਸੰਘਰਸ਼ ਵੀ ਵਿੱਢ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣੇ ਵਿੱਚ ਕਰੀਬ ਪੰਜ ਦਿਨ ਲੁੱਟਮਾਰ, ਅੱਗਾਂ ਲਗਾਉਣ ਅਤੇ ਔਰਤਾਂ ਨਾਲ ਬਲਾਤਕਾਰ ਦੀਆ ਅਨੇਕਾਂ ਹੀ ਘਟਨਾਵਾਂ ਵਾਪਰ ਚੁੱਕੀਆ ਹਨ, ਜਿਹਨਾਂ ਬਾਰੇ ਹਾਲੇ ਵੀ ਸਰਕਾਰ ਨੇ ਕੋਈ ਕਾਰਵਾਈ ਨਹੀ ਕੀਤੀ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਫੌਜ ਦੀ ਜੇਕਰ ਵਰਤੋ ਨਹੀ ਕਰਨੀ ਸੀ ਤਾਂ ਫਿਰ ਫੌਜ ਬੁਲਾਈ ਹੀ ਕਿਉ ਸੀ। ਉਹਨਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਤੇ ਪੰਜਾਬ ਸਮੇਤ ਬਾਕੀ ਸੂਬਿਆ ਨੂੰ ਜੋੜਦੀ ਜੀ.ਟੀ.ਰੋਡ ਤੇ ਸਨਾਟਾ ਛਾਇਆ ਰਿਹਾ ਤੇ ਲੋਕਾਂ ਨੂੰ ਕਾਰਾਂ ਵਿੱਚ ਨਿਕਲਣ ਤੋ ਪਹਿਲਾਂ ਹੀ ਪੈਟਰੋਲ ਪਾ ਕੇ ਕਾਰਾਂ ਨੂੰ ਅੱਗਾਂ ਲਗਾਈਆ ਗਈਅ। ਜਿਸ ਕਾਰਨ ਕਈ ਲੋਕ ਆਪਣਾ ਬਚਾਅ ਕਰਦੇ ਝੁਲਸ ਵੀ ਗਏ। ਢਾਬਿਆਂ ਨੂੰ ਬੰਦ ਹੀ ਨਹੀ ਕਰਵਾਇਆ ਸਗੋ ਅੱਗਾਂ ਲਗਾ ਕੇ ਸਾੜ ਦਿੱਤਾ ਗਿਆ, ਜਦ ਕਿ ਪੁਲੀਸ ਤੇ ਪ੍ਰਸ਼ਾਸ਼ਨ ਇਹ ਸਭ ਕੁੱਝ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ। ਉਹਨਾਂ ਕਿਹਾ ਕਿ ਇਸਤਰੀ ਸਭਾ ਪੰਜਾਬ ਮੰਗ ਕਰਦੀ ਹੈ ਕਿ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤੇ ਇਸ ਘਟਨਾ ਦੀ ਸੀ.ਬੀ.ਆਈ ਤੋ ਜਾਂਚ ਕਰਵਾ ਕੇ ਬਲਾਤਕਾਰਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਤੇ ਪੀੜਤਾਂ ਨੂੰ ਯੋਗ ਮੁਆਵਜਾ ਤੇ ਉਹਨਾਂ ਦਾ ਇਲਾਜ ਸਰਕਾਰੀ ਖਜ਼ਾਨੇ ਵਿੱਚੋ ਕਰਵਾਇਆ ਜਾਵੇ। ਬੀਬੀ ਕੁਸ਼ਲ ਭੌਰਾ ਨੇ ਕਿਹਾ ਕਿ ਹਰਿਆਣੇ ਦੀ ਖੱਟਰ ਸਰਕਾਰ ਵਿੱਚ ਜੇਕਰ ਥੋੜੀ ਜਿਹੀ ਵੀ ਨੈਤਿਕਤਾ ਹੈ ਤਾਂ ਉਸ ਨੂੰ ਤੁਰੰਤ ਅਸਤੀਫਾ ਦੇ ਕੇ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ।
Punjab Post Daily Online Newspaper & Print Media