ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਉਂਦੀ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਜ਼ਿਲ੍ਹਾ ਬਠਿੰਡਾ ਵਿੱਚ ਅੱਜ ਪਿੰਡ ਘੁੱਦਾ ਨੇੜੇ ਨਦੀਨ ਨਾਸ਼ਕ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦੀ ਅਗਵਾਈ ਹੇਠ ਨਦੀਨਾਂ ਨਸ਼ਟ ਕੀਤੀਆਂ ਗਈਆਂ। ਡਾ. ਬਸੰਤ ਗਰਗ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਸਮੇਤ ਸਮੂਹ ਵਿਭਾਗਾਂ ਵੱਲੋਂ ਸਾਂਝੀ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਨਰਮੇ ਦੀ ਬਿਜਾਈ ਤੋਂ ਜ਼ਿਲ੍ਹੇ ਦੇ ਨਰਮੇ ਦੀ ਕਾਸ਼ਤ ਵਾਲੇ ਪਿੰਡਾਂ ਵਿਚੋਂ ਖੇਤਾਂ ਦੇ ਆਲੇ ਦੁਆਲਿਓ ਨਦੀਨਾਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਇਸ ਸਮੇਂ ਇਨ੍ਹਾਂ ਨਦੀਨਾਂ ਤੇ ਪਲ ਰਹੀ ਹੈ ਅਤੇ ਨਰਮੇ ਦੀ ਫ਼ਸਲ ਨੂੰ ਬਚਾਉਣ ਲਈ ਜ਼ਰੂਰੀ ਹੋਵੇਗਾ ਕਿ ਇਸ ਸਮੇਂ ਨਦੀਨਾਂ ਦਾ ਮੁਕੰਮਲ ਖਾਤਮਾ ਕੀਤਾ ਜਾਵੇ। ਉਨ੍ਹਾਂ ਸਾਰੇ ਹੀ ਸਬੰਧਤ ਵਿਭਾਗਾਂ ਨੂੰ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਕਿਹਾ ਅਤੇ ਪੰਚਾਇਤਾਂ ਨੂੰ ਵੀ ਇਸ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਸਬੰਧੀ ਉਹ ਵੀ ਸੁਚੇਤ ਹੁੰਦਿਆਂ ਆਪਣੇ ਖੇਤਾਂ ਦੇ ਆਲੇ ਦੁਆਲੇ ਤੋਂ ਇਹ ਨਦੀਨ ਖਤਮ ਕਰ ਦੇਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ 15 ਮਾਰਚ ਤੱਕ ਨਦੀਨਾਂ ਨੂੰ ਖ਼ਤਮ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਨਰਮੇ ਦੀ ਆਉਣ ਵਾਲੀ ਫ਼ਸਲ ਤੋਂ ਪਹਿਲਾਂ ਚਿੱਟੀ ਮੱਖੀ ਦੀ ਨਸਲ ਨੂੰ ਸੜ੍ਹਕਾਂ, ਨਹਿਰਾਂ, ਨਾਲਿਆਂ ਪਿੰਡਾਂ/ਸ਼ਹਿਰਾਂ/ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾਵੇਗਾ। ਉਨ੍ਹਾਂ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਹਾਈਵੇਜ਼ ਦੇ ਅਧਿਕਾਰੀਆਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਨਦੀਨ ਪੁੱਟਣ ਨੂੰ ਯਕੀਨੀ ਬਣਾਉਣ। ਇਸੇ ਤਰ੍ਹਾਂ ਨਹਿਰੀ ਤੇ ਡਰੇਨਿੰਗ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਨਹਿਰਾਂ ਅਤੇ ਡਰੇਨਾਂ ਦੇ ਕਿਨਾਰਿਆਂ, ਬੀ.ਡੀ.ਪੀ.ਓਜ਼. ਪਿੰਡਾਂ ਵਿੱਚ ਖੇਤਾਂ ਦੇ ਆਸ-ਪਾਸ ਤੇ ਖਾਲੀ ਜਗ੍ਹਾ ਤੇ ਖੜ੍ਹੀ ਗਾਜਰ ਬੂਟੀ ਨੂੰ ਖ਼ਤਮ ਕਰਕੇ ਅੱਗ ਲਗਾਉਣਗੇ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਵਿਭਾਗਾਂ ਪਾਸ ਆਪਣੀ ਲੇਬਰ ਨਹੀਂ ਹੈ, ਉਹ ਮਗਨਰੇਗਾ ਸਕੀਮ ਅਧੀਨ ਮਜ਼ਦੂਰ ਲਗਾ ਕੇ ਗਾਜਰ ਬੂਟੀ ਨੂੰ ਖ਼ਤਮ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਗਾਜਰ ਬੂਟੀ ਨੂੰ ਖ਼ਤਮ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਕਿਸਾਨਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਖੇਤੀਬਾੜੀ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਕਿਸਾਨਾਂ ਨੂੰ ਇੰਨ੍ਹਾਂ ਨਦੀਨਾਂ ਦੇ ਖਾਤਮੇ ਲਈ ਜਾਗਰੂਕ ਕਰਨ । ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਕਾਬਲ ਸਿੰਘ ਨੇ ਦੱਸਿਆ ਕਿ ਖੇਤੀ ਮਾਹਿਰਾਂ ਨੇ 15 ਨਦੀਨਾਂ ਦੀ ਪਹਿਚਾਣ ਕੀਤੀ ਹੈ, ਜਿੰਨ੍ਹਾਂ ਤੇ ਚਿੱਟੀ ਮੱਖੀ ਪਲਦੀ ਹੈ ਅਤੇ ਇੰਨ੍ਹਾਂ ਨੂੰ ਖਤਮ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਗਾਜਰ ਘਾਹ ਸਭ ਤੋਂ ਵੱਧ ਮਾਰੂ ਹੈ। ਇਸ ਤੋਂ ਬਿਨ੍ਹਾ ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਦੋਧਕ, ਮਿਲਕ ਵੀਡ, ਬਾਥੂ, ਕੰਗੀ ਬੂਟੀ, ਚਲਾਈ, ਗੁਵਾਰ ਫਲੀ, ਭੰਬੋਲਾ, ਤਾਦਲਾਂ, ਗੁਲਾਬੀ, ਹੁਲਹੁਲ, ਮਾਕੜੂ ਵੇਲ ਆਦਿ ਨਦੀਨਾਂ ਨੂੰ ਖਤਮ ਕੀਤਾ ਜਾਣਾ ਹੈ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media