ਨਵੀਂ ਦਿੱਲੀ, 1 ਮਾਰਚ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਅੰਗੀਠਾ ਸਾਹਿਬ ਚੇਰੀਟੇਬਲ ਟਰਸਟ ਪਟਿਆਲਾ ਵਲੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਆਯੋਜਿਤ ਕੀਤੇ ਗਏ 34ਵੇਂ ਮਹਾਨ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦਿੱਲੀ ਤੋਂ ਵਿਸ਼ੇਸ਼ ਰੂਪ ਵਿੱਚ ਪੁਜੇ। ਇਸ ਮੌਕੇ ਸ. ਰਾਣਾ ਵਲੋਂ ਧਰਮ ਪ੍ਰਚਾਰ ਦੇ ਖੇਤ੍ਰ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁਖ ਰਖਦਿਆਂ ਆਪਜੀ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ। ਟਰਸਟ ਦੇ ਮੁੱਖੀ ਭਾਈ ਅਜਮੇਰ ਸਿੰਘ ਖਾਲਸਾ ਅਤੇ ਹੋਰ ਮੁੱਖੀਆਂ ਨੇ ਸ. ਰਾਣਾ ਦਾ ਸਨਮਾਨ ਕਰਦਿਆਂ ਕਿਹਾ ਕਿ ਰਾਣਾ ਪਰਮਜੀਤ ਸਿੰਘ ਇੱਕ ਅਜਿਹੀ ਸ਼ਖਸੀਅਤ ਹਨ, ਜੋ ਆਪਣੇ ਵਿਦਿਆਰਥੀ-ਕਾਲ ਤੋਂ ਹੀ ਸਿੱਖੀ ਪ੍ਰਚਾਰ ਦੇ ਕਾਰਜਾਂ ਪ੍ਰਤੀ ਸਮਰਪਿਤ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਰਾਣਾ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਪਾਸੋਂ ਸਿੱਖੀ ਦੇ ਪ੍ਰਚਾਰ ਦੀ ਗੁੜ੍ਹਤੀ ਪ੍ਰਾਪਤ ਕੀਤੀ, ਜਿਸ ਪੁਰ ਡਾ. ਜਸਪਾਲ ਸਿੰਘ (ਵਾਈਸ ਚਾਂਸਲਰ ਪੰਜਾਬੀ ਯੁਨੀਵਰਸਿਟੀ) ਦੀ ਨੇੜਤਾ ਨੇ ਪਾਣ ਚਾੜ੍ਹੀ। ਭਾਈ ਅਜਮੇਰ ਸਿੰਘ ਖਾਲਸਾ ਨੇ ਕਿਹਾ ਕਿ ਅਜਿਹੀ ਸ਼ਖਸੀਅਤ ਦਾ ਸਨਮਾਨ ਕਰਦਿਆਂ ਅਸੀਂ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ। ਅਕਾਲ ਪੁਰਖ ਇਨ੍ਹਾਂ ਨੂੰ ਦੇਸ਼ ਅਤੇ ਕੌਮ ਦੀ ਸੇਵਾ ਇਸੇ ਤਰ੍ਹਾਂ ਕਰਦਿਆਂ ਰਹਿਣ ਦਾ ਬਲ ਬਖਸ਼ੇ।
ਸ. ਰਾਣਾ ਨੇ ਇਸ ਮੌਕੇ ਆਪਣੇ ਸਨਮਾਨ ਲਈ ਟਰਸੱਟ ਦੇ ਮੁਖੀਆਂ, ਭਾਈ ਅਜਮੇਰ ਸਿੰਘ ਖਾਲਸਾ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਿੱਖੀ ਪ੍ਰਚਾਰ ਦੇ ਖੇਤ੍ਰ ਵਿੱਚ ਜੋ ਸੇਵਾ ਕੀਤੀ ਜਾ ਰਹੀ ਹੈ, ਉਹ ਉਨ੍ਹਾਂ ਵਰਗੇ ਮਹਾਪੁਰਖਾਂ ਦੀਆਂ ਅਸੀਸਾਂ ਦਾ ਹੀ ਫਲ ਹੈ। ਉਨ੍ਹਾਂ ਟਰਸਟ ਦੇ ਮੁਖੀਆਂ ਨੂੰ ਅਪਲਿ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ 12-13 ਮਾਰਚ ਨੂੰ ਦਿੱਲੀ ਫਤਹ ਦਿਵਸ ਮਨਾਇਆ ਜਾ ਰਿਹਾ ਹੈ, ਇਸ ਮੌਕੇ ਤੇ ਹੋ ਰਹੇ ਸਮਾਗਮਾਂ ਵਿੱਚ ਉਹ ਵੱਧ ਚੜ੍ਹ ਕੇ ਸ਼ਾਮਲ ਹੋਣ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media