Tuesday, March 17, 2026

ਆਸਟ੍ਰੇਲੀਆ ਵਿਚ ਸਿੱਖ ਬੱਚੇ ਹਰਜੀਤ ਸਿੰਘ ਨਾਲ ਨਸਲੀ ਵਿਤਕਰੇ ਦੀ ਘਟਨਾ ਅਤਿ ਦੁਖਦਾਈ -ਜਥੇਦਾਰ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਉਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਆਸਟ੍ਰੇਲੀਆ ਵਿਚ ਸਿੱਖ ਬੱਚੇ ਹਰਜੀਤ ਸਿੰਘ ਨਾਲ ਸਕੂਲ ਤੋਂ ਵਾਪਸ ਆਉਣ ਸਮੇ ਉਸ ਨਾਲ ਨਸਲੀ ਵਿਤਕਰੇ ਦੀ ਜੋ ਘਟਨਾ ਵਾਪਰੀ ਹੈ ਉਹ ਅਤਿ ਦੁਖਦਾਈ ਤੇ ਨਿੰਦਣਯੋਗ ਹੈ। ਹਰਜੀਤ ਸਿੰਘ ਨਾਲ ਸਕੂਲ ਤੋਂ ਵਾਪਸ ਆਉਂਦੇ ਸਮੇਂ ਦੋ ਲੜਕਿਆਂ ਅਤੇ ਇੱਕ ਲੜਕੀ ਨੇ ਉਸ ਦੀ ਦਸਤਾਰ ‘ਤੇ ਟਿੱਪਣੀ ਕਰਦਿਆਂ ਉਸ ਨੂੰ ਮਾਨਸਿਕ ਤੌਰ ‘ਤੇੇ ਧਮਕਾਇਆ ਅਤੇ ਡਰਾਇਆ ਵੀ ਹੈ, ਜਿਸ ਨਾਲ ਉਹ ਬੱਚਾ ਸਦਮੇ ਵਿਚ ਹੈ ਅਤੇ ਉਹ ਆਪਣੇ ਤੋਂ ਹੋਏ ਵਿਵਹਾਰ ਨਾਲ ਕਾਫੀ ਪ੍ਰੇਸ਼ਾਨ ਹੈ। ਜਥੇਦਾਰ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਸਿੱਖ ਵਸੋਂ ਕਾਫੀ ਵੱਡੀ ਗਿਣਤੀ ਵਿਚ ਰਹਿੰਦੀ ਹੈ। ਸਿੱਖ ਨੌਜਵਾਨ ਆਸਟ੍ਰੇਲੀਆ ਦੇ ਆਰਥਿਕ ਵਿਕਾਸ ਵਿਚ ਵਿਸ਼ੇਸ ਭੂਮਿਕਾ ਨਿਭਾਅ ਰਹੇ ਹਨ। ਅਜਿਹੇ ਸਮੇਂ ਸਿੱਖ ਨੌਜਵਾਨ ਨਾਲ ਵਾਪਰੇ ਇਸ ਵਰਤਾਰੇ ਨਾਲ ਸਿੱਖ ਭਾਈਚਾਰੇ ਵਿਚ ਨਿਰਾਸ਼ਾ ਦੀ ਭਾਵਨਾ ਦਾ ਪੈਦਾ ਹੋਣ ਸੁਭਾਵਿਕ ਹੈ। ਦਸਤਾਰ ਸਿੱਖੀ ਪਹਿਰਾਵੇ ਦਾ ਵਿਸ਼ੇਸ ਅੰਗ ਹੈ। ਆਸਟੇ੍ਰਲੀਆ ਦੀ ਸਰਕਾਰ ਅਤੇ ਓਥੇ ਵੱਸਦੇ ਵੱਖ-ਵੱਖ ਧਰਮਾਂ ਤੇ ਲੋਕਾਂ ਨੂੰ ਸਿੱਖਾਂ ਦੇ ਪੰਜ ਕਕਾਰ ਅਤੇ ਸਿੱਖ ਪਹਿਚਾਣ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਕਿਸੇ ਵੀ ਸਿੱਖ ਬੱਚੇ-ਬੱਚੀ ਨਾਲ ਅਜਿਹੀ ਘਟਨਾ ਨਾ ਵਾਪਰੇ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧਾਂ ਨੂੰ ਆਸਟ੍ਰੇਲੀਆ ਵਿਚ ਸਿੱਖ ਧਰਮ ਦੀ ਪਹਿਚਾਣ ਨੂੰ ਦੱਸਣ ਲਈ ਵਿਸ਼ੇਸ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਉਹ ਲੋਕ ਸਿੱਖ ਧਰਮ ਅਤੇ ਸਿੱਖੀ ਪਹਿਰਾਵੇ ਤੋਂ ਜਾਣੂ ਹੋ ਸਕਣ। ਉਨਾਂ ਨੇ ਆਪਸੀ ਮੱਤਭੇਦ ਭੁਲਾ ਕੇ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਕਜੁੱਟ ਹੋਣ ਕਿਹਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply