
ਅੰਮ੍ਰਿਤਸਰ, 6 ਮਾਰਚ (ਗੁਰਪ੍ਰੀਤ ਸਿੰਘ)ੁ ਦੋ ਵਾਰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸ. ਕਿਸ਼ੌਰ ਸਿੰਘ ਪ੍ਰੀਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਕਮਲੇਸ਼ ਕੌਰ, ਬੇਟਾ ਅਮਰਜੀਤ ਸਿੰਘ, ਨੂੰਹ ਅਮਰਜੀਤ ਕੌਰ ਤੇ ਬੇਟੀ ਚੰਚਲ ਕੌਰ ਨੇ ਵੀ ਮ’ਥਾ ਟੇਕਿਆ।
ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਸ. ਕਿਸ਼ੌਰ ਸਿੰਘ ਦਫ਼ਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸਕੱਤਰ ਡਾ: ਰੂਪ ਸਿੰਘ ਨੂੰ ਮਿਲਣ ਆਏ।ਸ. ਕਿਸ਼ੌਰ ਸਿੰਘ ਨੇ ਡਾ: ਰੂਪ ਸਿੰਘ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ 15 ਅਗਸਤ 2006 ਨੂੰ ਉਸ ਸਮੇਂ ਦੇ ਰਾਸ਼ਟਰਪਤੀ ਸ੍ਰੀ ਏ ਪੀ ਜੇ ਅਬਦੁਲ ਕਲਾਮ ਵੱਲੋਂ ਪੁਲੀਸ ਪਦਕ (ਸਰਾਹਨੀ ਸੇਵਾ) ਐਵਾਰਡ ਅਤੇ ਦੁਬਾਰਾ 15 ਅਗਸਤ 2014 ਨੂੰ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਵਿਸ਼ਿਸਟ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਰਾਜਿਸਥਾਨ ਸਰਕਾਰ ਨਾਲ ਆਪਣੇ ਮਨ ਵਿੱਚ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ 37 ਸਾਲਾਂ ਤੋਂ ਮੈਂ ਭਰਤਪੁਰ (ਰਾਜਿਸਥਾਨ) ਵਿਖੇ ਐਸ ਪੀ ਦਫ਼ਤਰ ਵਿਖੇ ਬਤੌਰ ਹੈਡ ਕਾਂਸਟੇਬਲ ਸੇਵਾਵਾਂ ਨਿਭਾ ਰਿਹਾ ਹਾਂ, ਪਰ ਰਾਜਿਸਥਾਨ ਦੀ ਸਰਕਾਰ ਅਤੇ ਮਹਿਕਮੇ ਵੱਲੋਂ ਮੇਰੀਆਂ ਸੇਵਾਵਾਂ ਬਦਲੇ ਹੁਣ ਤੱਕ ਮੈਨੂੰ ਕੋਈ ਵੀ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਮੈਨੂੰ ਪਦਉਨਤ ਕੀਤਾ ਗਿਆ ਹੈ।
ਉਨ੍ਹਾਂ ਡਾ: ਰੂਪ ਸਿੰਘ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਪੁਰ ਇਕ ਮੰਗ ਪੱਤਰ ਵੀ ਸੌਂਪਿਆ।ਡਾ: ਰੂਪ ਸਿੰਘ ਨੇ ਉਨ੍ਹਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਰਾਜਿਸਥਾਨ ਦੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਉਣ ਵਾਲੇ ਸਿੱਖ ਲਈ ਸਿਫਾਰਸ਼ ਕਰਨਗੇ।ਇਸ ਮੌਕੇ ਡਾ: ਰੂਪ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ. ਗੁਰਮੀਤ ਸਿੰਘ ਰਾਏਪੁਰ, ਇੰਚਾਰਜ ਸਿੱਖ ਮਿਸ਼ਨ ਰਾਏਪੁਰ ਛੱਤੀਸਗੜ੍ਹ ਵੀ ਹਾਜ਼ਰ ਸਨ।
Punjab Post Daily Online Newspaper & Print Media