ਧੂੰਆਂ ਕਲਾਂ (ਰਾਜਿਸਥਾਨ), 11 ਮਾਰਚ (ਪੰਜਾਬ ਪੋਸਟ ਬਿਊਰੋ)- ‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ’ ਤੇ ‘ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਭਗਤ ਧੰਨਾ ਜੀ ਦੇ 600 ਸਾਲਾ ਜਨਮ ਦਿਹਾੜੇ (ਛੇਵੀਂ ਜਨਮ ਸ਼ਤਾਬਦੀ) ਦੇ ਸਬੰਧ ਵਿਚ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਦਰਬਾਰ, ਵੈਸ਼ਾਲੀ ਨਗਰ, ਜੈਪੁਰ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਜਨਮ ਅਸਥਾਨ ਭਗਤ ਧੰਨਾ ਜੀ, ਧੂੰਆਂ ਕਲਾਂ, ਜ਼ਿਲ੍ਹਾ ਟਾਂਕ (ਰਾਜਿਸਥਾਨ) ਲਈ ਚੌਥੇ ਦਿਨ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ 8 ਮਾਰਚ ਨੂੰ ਆਰੰਭ ਕੀਤਾ ਨਗਰ ਕੀਰਤਨ ਤੀਸਰੇ ਦਿਨ ਗੁਰਦੁਆਰਾ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ, ਹਨੂੰਮਾਨਗੜ੍ਹ ਤੋਂ ਜੈਪੁਰ ਲਈ ਰਵਾਨਾ ਹੋਇਆ ਸੀ, ਜੋ 10 ਮਾਰਚ ਨੂੰ ਵਾਇਆ ਟਾਂਕ ਭਰਨੀ ਤੋਂ ਹੁੰਦਾ ਹੋਇਆ ਧੂੰਆਂ ਕਲਾਂ ਵਿਖੇ ਸੰਪੰਨ ਹੋਵੇਗਾ। ਸਵੇਰ ਦੇ ਦੀਵਾਨ ਵਿਚ ਭਾਈ ਹੀਰਾ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਨੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ।ਉਪਰੰਤ ਪੰਥ ਪ੍ਰਸਿੱਧ ਢਾਡੀ ਜਥਿਆਂ ਤੇ ਕਵੀਸ਼ਰਾਂ ਵੱਲੋਂ ਭਗਤ ਧੰਨਾ ਜੀ ਦੇ ਜੀਵਨ ਤੇ ਰੌਸ਼ਨੀ ਪਾਉਂਦਿਆਂ ਇਤਿਹਾਸ ਦੁਹਰਾਇਆ ਗਿਆ।ਹੁਕਮਨਾਮੇ ਦੀ ਕਥਾ ਭਾਈ ਗੁਰਬਚਨ ਸਿੰਘ ਕਲਸੀਆਂ ਨੇ ਕੀਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਕਥਾ ਵਿਚਾਰ ਰਾਹੀਂ ਭਗਤ ਧੰਨਾ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਸਿੱਖ ਗੁਰੂ ਸਾਹਿਬਾਨ, ਸਿੱਖ ਜਰਨੈਲਾਂ, ਸ਼ਹੀਦ ਸਿੰਘਾਂ-ਸਿੰਘਣੀਆਂ ਅਤੇ ਪ੍ਰਭੂ-ਭਗਤਾਂ ਦੇ ਜਨਮ ਦਿਹਾੜੇ ਹਰ ਸਾਲ ਮਨਾਉਂਦੀ ਆ ਰਹੀ ਹੈ। ਇਸ ਵਾਰ ਭਗਤ ਧੰਨਾ ਜੀ ਦਾ 600 ਸਾਲਾ ਜਨਮ ਦਿਹਾੜਾ ਮਨਾਉਣ ਦਾ ਸੁਭਾਗ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਸਰ ਦੇ ਰਮਣੀਕ ਅਸਥਾਨ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੂ ਸਾਹਿਬਾਨ ਵੱਲੋਂ ਉਚਾਰਨ ਤੇ ਇਕੱਤਰ ਕੀਤੀ ਬਾਣੀ ਦੇ ਨਾਲ-ਨਾਲ ਉਨ੍ਹਾਂ ਭਗਤਾਂ ਤੇ ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਜਿਨ੍ਹਾਂ ਦੇ ਜੀਵਨ ਦਾ ਉਪਦੇਸ਼ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਨਾਲ ਮੇਲ ਖਾਂਦਾ ਸੀ। ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਨੇ ਸਰਬ ਵਿਆਪਕ ਪ੍ਰਭੂ ਦੀ ਪੂਜਾ ਕਰਕੇ ਉਸਨੂੰ ਪਾਇਆ ਤੇ ਲੋਕਾਈ ਨੂੰ ਕਰਮਕਾਂਡਾਂ ਵੱਲੋਂ ਹਟਾ ਕੇ ਇੱਕ ਅਕਾਲ ਪੁਰਖ ਦੀ ਪੂਜਾ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਭਗਤ ਧੰਨਾ ਜੀ ਨੇ ਭਗਤ ਰਵੀਦਾਸ ਜੀ, ਭਗਤ ਕਬੀਰ ਜੀ, ਭਗਤ ਸੈਣ ਜੀ ਅਤੇ ਭਗਤ ਨਾਮਦੇਵ ਜੀ ਦੀ ਜੀਵਨ ਜਾਚ ਨੂੰ ਅਪਣਾਉਣ ਵੱਲ ਪ੍ਰੇਰਿਆ।ਉਨ੍ਹਾਂ ਕਿਹਾ ਕਿ ਜਿੱਥੇ ਬਾਣੀ ਹੋਵੇਗੀ ਉਥੇ ਪ੍ਰਭੂ ਦਾ ਵਾਸ ਹੋਵੇਗਾ ਤੇ ਜਿੱਥੇ ਪ੍ਰਭੂ ਦਾ ਵਾਸ ਹੋਵੇਗਾ ਉਹ ਅਸਥਾਨ ਭਗਤੀ ਤੇ ਸ਼ਕਤੀ ਦਾ ਸੌਮਾ ਹੋਵੇਗਾ।ਇਸ ਉਪਰੰਤ ਹੁਕਮਨਾਮਾ ਗਿਆਨੀ ਦਵਿੰਦਰ ਸਿੰਘ ਗ੍ਰੰਥੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੇ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ।
ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਕੇਵਲ ਸਿੰਘ ਤੇ ਮੀਤ ਸਕੱਤਰ ਸ. ਚਾਨਣ ਸਿੰਘ ਨੇ ਸਾਂਝੇ ਤੌਰ ‘ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਤੇ ਜੈਪੁਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਗੁਰਦੁਆਂਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮੇਵਾ ਸਿੰਘ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ, ਸਕੱਤਰ ਸਾਹਿਬਾਨ ਤੇ ਪੁੱਜੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਖੁਸ਼ਵਿੰਦਰ ਸਿੰਘ ਭਾਟੀਆਂ, ਸ. ਅਮਰੀਕ ਸਿੰਘ ਵਿਛੋਆ ਤੇ ਸ. ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਵਿਸ਼ਾਲੀ ਨਗਰ, ਜੈਪੁਰ ਦੇ ਪ੍ਰਧਾਨ, ਸਕੱਤਰ, ਸਮੁੱਚੇ ਮੈਂਬਰਾਂ, ਗੰਥੀ ਸਿੰਘਾਂ ਤੇ ਰਾਗੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸਟੇਜ ਸਕੱਤਰ ਦੀ ਸੇਵਾ ਭਾਈ ਹੀਰਾ ਸਿੰਘ ਮਨਿਹਾਲਾ ਨੇ ਬਾਖੂਬੀ ਨਿਭਾਈ।ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਸ਼ਾਲੀ ਨਗਰ, ਜੈਪੁਰ ਤੋਂ ਪੂਰੇ ਜਾਹੋ-ਜਲਾਲ ਤੇ ਨਗਾਰਿਆਂ ਦੀ ਚੋਟ ‘ਤੇ ਸਤਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸੰਗਤਾਂ ਵੱਲੋਂ ਨਗਰ ਕੀਰਤਨ ਨੂੰ ਬੜੇ ਅਦਬ ਸਤਿਕਾਰ ਨਾਲ ਭਗਤ ਧੰਨਾ ਜੀ ਦੇ ਜਨਮ ਅਸਥਾਨ ਧੂੰਆਂ ਕਲਾਂ ਜ਼ਿਲ੍ਹਾ ਟਾਂਕ (ਰਾਜਸਥਾਨ) ਲਈ ਰਵਾਨਾ ਕੀਤਾ ਗਿਆ। ਰਸਤੇ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਖ ਵੱਖ ਥਾਵਾਂ ‘ਤੇ ਲੰਗਰ ਲਗਾਏ ਗਏ, ਆਤਿਸ਼ਬਾਜ਼ੀ ਚਲਾਈ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ।
ਇਸ ਮੌਕੇ ਸ. ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿੰਗ ਮੈਂਬਰ, ਸ. ਹਰਭਜਨ ਸਿੰਘ ਮਾਨਵਾ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ, ਸ. ਇੰਦਰਮੋਹਣ ਸਿੰਘ ਅਨਜਾਣ ਇੰਚਾਰਜ ਪਬਲੀਸਿਟੀ, ਸ. ਜਰਨੈਲ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਸ. ਸਤਨਾਮ ਸਿੰਘ ਮੀਤ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ, ਸ. ਬਲਦੇਵ ਸਿੰਘ ਸਹਾਇਕ ਸੁਪਰਵਾਈਜ਼ਰ, ਸ. ਰੇਸ਼ਮ ਸਿੰਘ, ਸ. ਦਿਲਬਾਗ ਸਿੰਘ, ਸ. ਗੁਰਵਿੰਦਰ ਸਿੰਘ ਤੇ ਸ. ਹਰਮਿੰਦਰਬੀਰ ਸਿੰਘ ਗੁ:ਇੰਸਪੈਕਟਰ, ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਸ. ਬਲਿਸਟਰ ਸਿੰਘ, ਵਾਈਸ ਪ੍ਰਧਾਨ ਐਡਵੋਕੇਟ ਸ. ਅਮਰਜੀਤ ਸਿੰਘ, ਸਕੱਤਰ ਸ. ਮੇਵਾ ਸਿੰਘ ਤੇ ਸ. ਦਵਿੰਦਰ ਸਿੰਘ ਢਿੱਲੋਂ, ਜਾਇੰਟ ਸਕੱਤਰ ਬੀਬੀ ਅੰਮ੍ਰਿਤ ਕੌਰ, ਸ. ਸੁਰਜੀਤ ਸਿੰਘ ਇੰਚਾਰਜ ਧਾਰਮਿਕ ਕਮੇਟੀ, ਸਮੂਹ ਮੈਂਬਰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦਾ ਸਟਾਫ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media