Sunday, February 22, 2026

ਚੰਗੇਰੇ ਭਵਿੱਖ ਲਈ ਕੁਦਰਤ ਨਾਲ ਜੁੜਨਾ ਬੇਹੱਦ ਜ਼ਰੂਰੀ – ਸੰਧੂ

ਫਲ਼ਾਵਰ ਸ਼ੋਅ ‘ਗੁਲ ਗੁਲਸ਼ਨ ਗੁਲਫਾਮ’ ਮੌਕੇ ਫੁੱਲਾਂ ਤੇ ਬੱਚਿਆਂ ਨੇ ਬਿਖੇਰੇ ਰੰਗ

PPN1303201611

ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ ਸੱਗੂ)-ਚੰਗੇਰੇ ਭਵਿੱਖ ਲਈ ਕੁਦਰਤ ਨਾਲ ਜੁੜਨਾ ਬੇਹੱਦ ਜ਼ਰੂਰੀ ਹੈ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਵਿਚ ਸਾਹ ਲੈ ਸਕਣਗੀਆਂ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਅੱਜ ਸ. ਬੇਅੰਤ ਸਿੰਘ ਪਾਰਕ, ਰਣਜੀਤ ਐਵੀਨਿਊ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ‘ਮਿਸ਼ਨ ਆਗਾਜ਼’ ਅਤੇ ਵਾਤਾਵਰਣ ਨਾਲ ਜੁੜੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਫਲਾਵਰ ਅਤੇ ਬੇਬੀ ਸ਼ੋਅ ‘ਗੁਲ ਗੁਲਸ਼ਨ ਗੁਲਫਾਮ’ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।
ਵਾਤਾਵਰਣ ਪ੍ਰੇਮੀ ਅਤੇ ਮਹਾਨ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾਈਏ ਅਤੇ ਇਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸਾਂਭ-ਸੰਭਾਲ ਕਰੀਏ। ਉਨ੍ਹਾਂ ਕਿਹਾ ਕਿ ਕੁਦਰਤ ਦੇ ਪੇੜ-ਪੌਦਿਆਂ, ਪੌਣ-ਪਾਣੀ ਅਤੇ ਜੀਵ-ਜੰਤੂਆਂ ਦੀ ਸਾਂਭ-ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਬੇਹੱਦ ਲੋੜ ਹੈ ਤਾਂ ਜੋ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਅਤੇ ਸਵੱਛ ਰਹਿ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ਦੇ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਬੇਹੱਦ ਗੰਭੀਰ ਹੈ ਅਤੇ ਇਸੇ ਲਈ ‘ਗ੍ਰੀਨਿੰਗ ਪੰਜਾਬ ਮਿਸ਼ਨ’ ਤਹਿਤ 2020 ਤੱਕ ਰਾਜ ਦਾ ਮੌਜੂਦਾ 6 ਫੀਸਦੀ ਜੰਗਲਾਂ ਹੇਠਲਾ ਰਕਬਾ 15 ਫੀਸਦੀ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਮਾਨਵ ਕਲਿਆਣ ਅਤੇ ਵਾਤਾਵਰਣ ਪ੍ਰੇਮੀ ਸੰਸਥਾਵਾਂ ਸਰਕਾਰ ਦਾ ਸਹਿਯੋਗ ਕਰਨ।
ਇਸ ਮੌਕੇ ‘ਮਿਸ਼ਨ ਆਗਾਜ਼’ ਦੇ ਨਿਰਦੇਸ਼ਕ ਸ੍ਰੀ ਦੀਪਕ ਬੱਬਰ ਨੇ ਕਿਹਾ ਕਿ ਸਾਨੂੰ ਕੁਦਰਤੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਨਾਲ ਬੇਲੋੜੀ ਛੇੜ-ਛਾੜ ਨਹੀਂ ਕਰਨੀ ਚਾਹੀਦੀ। ਹਰ ਸਾਲ ਦੀ ਤਰ੍ਹਾਂ ਕਰਵਾਏ ਜਾਣ ਵਾਲੇ ਇਸ ਸਮਾਗਮ ਮੌਕੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਅਤੇ ਪੌਦਿਆਂ ਦੀ ਪ੍ਰਦਰਸ਼ਨੀ ਅਤੇ ਬੱਚਿਆਂ ਵੱਲੋਂ ਵਾਤਾਵਰਣ ਬਾਰੇ ਜਾਗਰੂਕਤਾ ਲਈ ਤਿਆਰ ਕੀਤੇ ਬੈਨਰ ਅਤੇ ਕਲਾ ਕ੍ਰਿਤਾਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵਾਤਾਵਰਣ ਸਬੰਧੀ ਸ਼ਾਨਦਾਰ ਪੇਸ਼ਕਾਰੀਆਂ ਦੇ ਕੇ ਸਭਨਾਂ ਦਾ ਮਨ ਮੋਹ ਲਿਆ, ਜਿਨ੍ਹਾਂ ਵਿਚ ਸਪਰਿੰਗ ਡੇਲ, ਪੁਲਿਸ ਡੀ. ਏ. ਵੀ ਪਬਲਿਕ, ਰੋਜ਼ ਬੱਡਜ਼, ਇਬਾਦਤ, ਮਿਸ਼ਨ ਦੀਪ ਟਰੱਸਟ ਆਦਿ ਸ਼ਾਮਿਲ ਸਨ। ਇਨ੍ਹਾਂ ਵਿਚ ਸਪੈਸ਼ਲ ਬੱਚਿਆਂ ਦੀਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਜਿਨ੍ਹਾਂ ਵਿਚ ਵਣ, ਮੱਛੀ ਪਾਲਣ, ਬਾਗਬਾਨੀ ਅਤੇ ਸਿਹਤ ਆਦਿ ਵਿਭਾਗ ਸ਼ਾਮਿਲ ਸਨ। ਵੇਰਕਾ ਅਤੇ ਐਂਪਲੀਫੋਨ ਵੱਲੋਂ ਵੀ ਇਸ ਮੌਕੇ ਆਪਣੇ ਸਟਾਲ ਲਗਾਇਆ ਗਿਆ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਅਤੇ ਬੱਚਿਆਂ ਨੂੰ ਪੌਦੇ ਵੀ ਵੰਡੇ ਗਏ। ਇਸ ਤੋਂ ਬਾਅਦ ਸ਼ਾਮ ਨੂੰ ਇਕ ਕਵੀ ਦਰਬਾਰ ਅਤੇ ਗੀਤਾਂ ਭਰੀ ਸ਼ਾਮ ਵੀ ਕਰਵਾਈ ਗਈ, ਜਿਸ ਦਾ ਸ਼ਹਿਰ ਵਾਸੀਆਂ ਨੇ ਖੂਬ ਆਨੰਦ ਮਾਣਿਆ।  ਇਸ ਪ੍ਰੋਗਰਾਮ ਦੌਰਾਨ ਸ. ਬੇਅੰਤ ਸਿੰਘ ਪਾਰਕ ਵੈਲਫੇਅਰ ਐਸੋਸੀਏਸ਼ਨ, ਭਾਰਤ ਵਿਕਾਸ ਪ੍ਰੀਸ਼ਦ, ਪ੍ਰਾਜੈਕਟ ਅਕਸਮੀਆ, ਜ਼ਿਲ੍ਹਾ ਟੀ. ਬੀ ਫੌਰਮ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਜ਼ਿਲ੍ਹਾ ਟੀ. ਬੀ ਅਫ਼ਸਰ ਡਾ. ਨਰੇਸ਼ ਚਾਵਲਾ, ਡਾ. ਪ੍ਰਹਿਲਾਦ ਦੁੱਗਲ, ਡਾ. ਮਨਦੀਪ ਪੁਜਾਰਾ, ਸ. ਗੁਰਭੇਜ ਸਿੰਘ ਸੰਧੂ, ਮੈਡਮ ਜਿਓਤੀ ਠਾਕੁਰ, ਮੈਡਮ ਸੁਨੀਤਾ ਕੁਮਾਰੀ, ਸ੍ਰੀ ਰਜਿੰਦਰ ਗੋਇਲ, ਸ੍ਰੀ ਆਰ. ਡੀ ਸ਼ਰਮਾ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply