
ਅੰਮ੍ਰਿਤਸਰ, 13 ਮਾਰਚ (ਗੁਰਪ੍ਰੀਤ ਸਿੰਘ)- ਪਿੰਡ ਥੋਥੀਆਂ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 48 ਅੰਗਾਂ ਦੀ ਹੋਈ ਬੇਅਦਬੀ ‘ਤੇ ਦੁੱਖ ਜ਼ਾਹਿਰ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਨੂੰ ਲੈ ਕੇ ਅਸੀਂ ਬਹੁਤ ਚਿੰਤੁਤ ਹਾਂ। ਉਨ੍ਹਾਂ ਕਿਹਾ ਕਿ ਕੱਲ੍ਹ ਮੱਤੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਪਰ ਹੁਣ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਅਮਨ-ਸ਼ਾਂਤੀ ਦੇ ਵੈਰੀਆਂ ਨੂੰ ਅਜਿਹੀਆਂ ਸਖ਼ਤ ਸਜ਼ਾਵਾਂ ਦੇਵੇ ਕਿ ਫਿਰ ਕੋਈ ਵੀ ਅਜਿਹੀਆਂ ਘਿਨਾਉਣੀਆਂ ਹਰਕਤਾਂ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਹੋ ਰਹੇ ਅਜਿਹੇ ਕੋਝੇ ਖਿਲਵਾੜ ਨਾਲ ਪੂਰੀ ਸਿੱਖ ਕੌਮ ਵਲੂੰਧਰੀ ਗਈ ਹੈ ਕਿਉਂਕਿ ਅਜੇ ਤੀਕ ਪ੍ਰਸ਼ਾਸ਼ਨ ਵੱਲੋਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਜੋ ਦੋਸ਼ੀ ਰੰਗੇ ਹੱਥੀਂ ਬੇਅਦਬੀ ਕਰਦੇ ਫੜੇ ਗਏ ਹਨ ਉਨ੍ਹਾਂ ਨੂੰ ਬਿਨਾਂ ਦੇਰੀ ਕਰਦਿਆਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਅੱਜ ਫੜੇ ਗਏ ਦੋਸ਼ੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਕੀ ਉਸਨੂੰ ਕਿਸੇ ਨੇ ਸਾਜ਼ਿਸ਼ ਤਹਿਤ ਪੂਰੀ ਤਰ੍ਹਾਂ ਸਿਖਾਂ-ਪੜ੍ਹਾ ਕੇ ਇਸ ਘਟਨਾ ਨੂੰ ਅਜਾਮ ਦੇਣ ਲਈ ਤਾਂ ਨਹੀਂ ਭੇਜਿਆ? ਜੇਕਰ ਉਹ ਦਿਮਾਗੀ ਤੌਰ ‘ਤੇ ਠੀਕ ਹੈ ਤਾਂ ਵੀ ਉਸ ਤੋਂ ਇਸ ਬਾਰੇ ਸਖਤੀ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਸ਼ਰਰਾਤੀ ਅਨਸਰਾਂ ਨੂੰ ਫੜਨਾ ਚਾਹੀਦਾ ਹੈ ਜੋ ਪੂਰੇ ਪੰਜਾਬ ਵਿਚ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਰੀ ਸਿੱਖ ਕੌਮ ਨੂੰ ਸਪੱਸ਼ਟ ਹੋ ਚੁੱਕਾ ਹੈ ਕਿ ਇਹ ਕੋਈ ਆਮ ਲੋਕ ਨਹੀਂ ਹਨ ਇਹ ਸਭ ਕਿਸੇ ਇੱਕ ਹੀ ਗਿਰੋਹ ਨਾਲ ਸਬੰਧ ਰੱਖਦੇ ਹਨ ਤੇ ਪੂਰੀ ਤਰ੍ਹਾਂ ਸਿਖਾਈ ਹੋਈ ਸਾਜ਼ਿਸ਼ ਤਹਿਤ ਪੰਜਾਬ ਦੇ ਅਮਨ-ਸ਼ਾਂਤੀ ਵਾਲੇ ਮਾਹੌਲ ਨੂੰ ਖਰਾਬ ਕਰਨ ਲਈ ਲੱਗੇ ਹੋਏ ਹਨ। ਉਨ੍ਹਾਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਸੁਚੇਤ ਹੋ ਕੇ ਗੁਰਦੁਆਰਾ ਸਾਹਿਬ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਹਨ ਉਸੇ ਤਰ੍ਹਾਂ ਹੋਰ ਕਮੇਟੀਆਂ ਜਿਨ੍ਹਾਂ ਅਜੇ ਤੀਕ ਕੈਮਰੇ ਨਹੀਂ ਲਗਵਾਏ ਉਹ ਤੁਰੰਤ ਹੀ ਕੈਮਰੇ ਲਗਵਾਉਣ ਅਤੇੇ 24 ਘੰਟੇ ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਡਿਊਟੀ ਪੁਰ ਹਾਜ਼ਰ ਹੋਣਾ ਵੀ ਲਾਜ਼ਮੀ ਬਣਾਉਣ।
Punjab Post Daily Online Newspaper & Print Media