Sunday, March 22, 2026

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਬਣਾਵੇ ਭਾਰਤ ਸਰਕਾਰ – ਗਿ: ਹਰਨਾਮ ਸਿੰਘ ਖ਼ਾਲਸਾ

PPN1403201606ਮਤੇਵਾਲ (ਮਹਿਤਾ) 14 ਮਾਰਚ (ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਹਾਲ ਹੀ ਵਿੱਚ ਵਾਪਰੀਆਂ ਘਟਨਾਵਾਂ ‘ਤੇ ਡੂੰਘਾ ਦੁੱਖ ਅਤੇ ਚਿੰਤਾ ਜ਼ਾਹਿਰ ਕਰਦਿਆਂ ਜਿੱਥੇ ਮੰਦਭਾਗੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਉੱਥੇ ਹੀ ਉਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਫਾਂਸੀ ਦੀ ਸਜਾ ਜਾਂ ਘਟ ਤੋ ਘਟ ਉਮਰ ਕੈਦ ਕਰਨ ਸੰਬੰਧੀ ਸੋਧ ਬਿਲ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਵਿੱਚ ਤੁਰੰਤ ਲਿਆਉਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸਮੂਹ ਵਿਧਾਇਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਲ ਨੂੰ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਕੀਤੀ ਹੈ।  ਅੱਜ ਇੱਥੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਵਿਖੇ ਸੰਤ ਸਮਾਜ ਦੇ ਆਗੂਆਂ ਨਾਲ ਪਹੁੰਚੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬੀਤੇ ਦਿਨੀਂ ਇੱਥੋਂ ਦੇ ਗੁਰਦਆਰਾ ਸਾਹਿਬ ਅਤੇ ਪਿੰਡ ਥੋਥੀਆਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਨਾ ਸਹਿਣਯੋਗ ਠਹਿਰਾਉਂਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਕਾਨੂੰਨ ਵਿੱਚ ਸੋਧ ਕਰਦਿਆਂ ਸਖ਼ਤ ਤੋ ਸਖ਼ਤ ਸਜਾਵਾਂ ਦੇਣ ਦੀ ਵਿਵਸਥਾ ਕੀਤੀ ਜਾਣੀ ਹੁਣ ਜ਼ਰੂਰੀ ਬਣ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਗੰਭੀਰ ਜੁਰਮਾਂ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਸਖ਼ਤ ਤੋਂ ਸਖ਼ਤ ਉਪਬੰਧਾਂ ਅਧੀਨ ਨਿਪਟਿਆ ਜਾਵੇ ਅਤੇ ਦੋਸ਼ੀ ਪਾਏ ਗਏ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਾ ਜਾਵੇ। ਉਹਨਾਂ ਕੇਂਦਰ ਸਰਕਾਰ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਤੇ ਜਾਗਦੀ ਜੋਤ ਗੁਰੂ ਮੰਨਿਆ ਹੈ ।ਬੇਅਦਬੀ ਦੀਆਂ ਘਟਨਾਵਾਂ ਨੂੰ ਦੇਸ਼ ਅਤੇ ਵਿਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵਾਪਰਨ ਤੋਂ ਰੋਕਣ ਲਈ ਸੰਸਦ ਦੇ ਦੋਵਾਂ ਸਦਨਾਂ ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਸੰਬੰਧੀ ਬਿੱਲ ਲਿਆ ਕੇ ਪਾਸ ਕਰਾਉਣ ਲਈ ਭਾਰਤ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਬ ਸਾਂਝੀਵਾਲਤਾ ਦਾ ਉਪਦੇਸ਼ ਸਭਨਾਂ ਵਰਨਾਂ ਨੂੰ ਸਾਂਝਾ ਹੈ, ਬੇਅਦਬੀ ਦੀਆਂ ਘਟਨਾਵਾਂ ਨਾਲ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਵਾਲੇ ਉਕਤ ਕਾਰਿਆਂ ਪਿੱਛੇ ਗਹਿਰੀ ਸਾਜ਼ਿਸ਼ ਹੈ ਜੋ ਕਿ ਸਮਾਜ ਵਿੱਚ ਫਿਰਕੂ ਤਣਾਅ ਪੈਦਾ ਕਰਕੇ ਅਮਨ ਕਾਨੂੰਨ ਤੇ ਸ਼ਾਂਤੀ ਵਿਵਸਥਾ ਨੂੰ ਲੰਬੂ ਲਾਉਣਾ ਚਾਹੁੰਦੇ ਹਨ।ਜਿਸ ਪ੍ਰਤੀ ਸੁਚੇਤ ਹੋਣ ਲਈ ਉਹਨਾਂ ਸੰਗਤ ਨੂੰ ਅਪੀਲ ਕੀਤੀ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸਰਪੰਚ ਕ੍ਰਿਪਾਲ ਸਿੰਘ ਰਾਮਦਿਵਾਲੀ ਨੇ ਟਕਸਾਲ ਮੁਖੀ ਨੂੰ ਸਮੁੱਚੀ ਘਟਨਾ ਕਰਮ ਤੋ ਜਾਣੂ ਕਰਾਇਆ। ਇਸ ਮੌਕੇ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਬਾਬਾ ਬੋਹੜ ਸਿੰਘ, ਬਾਬਾ ਜੀਵਾ ਸਿੰਘ ਸਮਸਤਪੁਰ, ਬਾਬਾ ਨਿਰਵੈਰ ਸਿੰਘ, ਭਾਈ ਗੁਰਪ੍ਰੀਤ ਸਿੰਘ, ਸਰਵਨ ਸਿੰਘ ਰਾਮਦਿਵਾਲੀ, ਹਰਸ਼ਦੀਪ ਸਿੰਘ ਮਹਿਤਾ ਅਤੇ ਸਰਪੰਚ ਕਸ਼ਮੀਰ ਸਿੰਘ ਮਹਿਤਾ ਆਦਿ ਆਗੂ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply