Sunday, September 6, 2026

ਰਾਮਦੀਵਾਲੀ ਦੀ ਘਟਨਾ ਸ਼ੱਕੀ, ਕਿਸੇ ਸਾਜਿਸ਼ ਦਾ ਹਿੱਸਾ- ਪੰਜ ਪਿਆਰੇ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਤੋ ਹੁਕਮਨਾਮਾ ਜਾਰੀ ਕਰਕੇ ਪੰਥਕ ਸੋਚ ਤੇ ਪਹਿਰਾ ਦੇਣ ਵਾਲੇ ਪੰਜ ਪਿਆਰਿਆ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਂਟ ਕੀਤੇ ਗਏ ਪਿੰਡ ਰਾਮਦੀਵਾਲੀ ਮੁਸਲਮਾਨਾਂ ਦਾ ਦੌਰਾ ਕੀਤਾ ਤੇ ਸ਼ੱਕ ਪ੍ਰਗਟ ਕੀਤਾ ਕਿ ਇਹ ਕਿਸੇ ਗਿਣੀ ਮਿਣੀ ਸਾਜਿਸ਼ ਤਹਿਤ ਕੁਝ ਵਿਅਕਤੀਆ ਨੂੰ ਖਰੀਦ ਕੇ ਜਾਣ ਬੁੱਝ ਤੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਸਤਿਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਤਰਲੋਕ ਸਿੰਘ ਤੇ ਭਾਈ ਮੰਗਲ ਸਿੰਘ ਨੇ ਅੱਜ ਪਿੰਡ ਪਾਖਰਪੁਰਾ ਵਿਖੇ 19 ਪ੍ਰਾਣੀਆ ਨੂੰ ਅੰਮ੍ਰਿਤ ਛਕਾਉਣ ਉਪਰੰਤ ਬੀਤੇ ਦਿਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਪੋਥੀਆਂ ਨੂੰ ਅਗਨੀ ਭੇਂਟ ਕਰਨ ਦੀ ਵਾਪਰੀ ਘਟਨਾ ਸਥਾਨ ਪਿੰਡ ਰਾਮਦੀਵਾਲੀ ਦਾ ਦੌਰਾ ਕੀਤਾ। ਉਹਨਾਂ ਦੱਸਿਆ ਕਿ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਉਸ ਤੋ ਸਪੱਸ਼ਟ ਹੋ ਰਿਹਾ ਹੈ ਕਿ ਇਹ ਕੋਈ ਸਾਜਿਸ਼ ਹੈ। ਉਹਨਾਂ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਪੇਸ਼ੇਵਾਰ ਮੁਜਰਿਮਾਂ ਨੂੰ ਲਾਲਚ ਦੇ ਕੇ ਇਹ ਘਿਨਾਉਣਾ ਕਾਰਨਾਮਾ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਜਾਣ ਬੁੱਝ ਕੇ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਬਰਗਾੜੀ ਪਿੰਡ ਦੀ ਵਾਪਰੀ ਘਟਨਾ ਬਾਰੇ ਤਾਂ ਸਰਕਾਰ ਇਹ ਕਹਿੰਦੀ ਰਹੀ ਹੈ ਕਿ ਦੋਸ਼ੀ ਫੜੇ ਨਹੀ ਗਏ, ਪਰ ਰਾਮ ਦੀਵਾਲੀ ਵਾਲੀ ਘਟਨਾ ਦੇ ਦੋਸ਼ੀ ਤਾਂ ਮੌਕੇ ਤੇ ਫੜੇ ਹਨ। ਜਿਹਨਾਂ ਦੀ ਬਰੀਕੀ ਨਾਲ ਤਹਿਕੀਕਾਤ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਗੋਲਕ ਲੁੱਟਣ ਲਈ ਆਵੇਗਾ ਤਾਂ ਉਹ ਨਾਲ ਤੇਲ ਦੀ ਬੋਤਲ ਨਹੀ ਲੈ ਕੇ ਆਵੇਗਾ।
ਉਹਨਾਂ ਕਿਹਾ ਕਿ ਦੋਸ਼ੀਆ ਨੇ ਤੇਲ ਪਾ ਕੇ ਇਕੱਲੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਤੇ ਧਾਰਮਿਕ ਪੋਥੀਆਂ ਨੂੰ ਹੀ ਅਗਨੀ ਭੇਂਟ ਨਹੀ ਕੀਤਾ, ਸਗੋ ਕਮਰੇ ਵਿੱਚ ਲੱਗੇ ਏ.ਸੀ. ਤੇ ਪੱਖਿਆ ‘ਤੇ ਵੀ ਤੇਲ ਪਾ ਕੇ ਅੱਗ ਲਗਾਈ ਗਈ ।ਪਰ ਇੱਕ ਪੀੜਾ ਸਾਹਿਬ ਇਸ ਕਰਕੇ ਬੱਚ ਗਿਆ ਕਿਉਕਿ ਉਸ ਉਪਰ ਤੇਲ ਨਹੀ ਪੈ ਸਕਿਆ। ਉਹਨਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਕਾਰਵਾਈ ਕਿਸੇ ਸਾਜਿਸ਼ ਤਹਿਤ ਕਰਵਾਈ ਗਈ ਹੈ ਅਤੇ ਗਿਣੀ ਮਿੱਥੀ ਸਾਜ਼ਿਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਸਰਕਾਰ ਜੇਕਰ ਸੁਹਿਰਦ ਹੈ ਤਾਂ ਅਸਲੀ ਦੋਸ਼ੀਆ ਤੱਕ ਪਹੁੰਚਣ ਲਈ ਬਾਰੀਕੀ ਨਾਲ ਪੜਤਾਲ ਕਰੇ ਨਹੀ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਸਰਕਾਰੀ ਸਾਜਿਸ਼ ਹੈ ਤੇ ਸਰਕਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਅਜਿਹੀਆ ਘਟਨਾਵਾਂ ਨੂੰ ਅੰਜਾਮ ਦੇ ਰਹੀ ਹੈ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਅਤੇ ਅਸਲੀ ਦੋਸ਼ੀਆਂ ਦੀ ਆਪਣੇ ਪੱਧਰ ‘ਤੇ ਪਹਿਚਾਣ ਕਰਨ ਲਈ ਯਤਨਸ਼ੀਲ ਹੋਣ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply