ਅੰਮ੍ਰਿਤਸਰ, 14 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ 548 ਅਨੁਸਾਰ ਨਵੇਂ ਸਾਲ ਦੀ ਆਮਦ ਸਬੰਧੀ ਬੀਤੀ ਰਾਤ 13 ਮਾਰਚ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਰਾਤ 7.00 ਵਜੇ ਤੋਂ ਦੇਰ ਰਾਤ 1 ਵਜੇ ਤੱਕ ਚੱਲੇ ਇਸ ਮਹਾਨ ਗੁਰਮਤਿ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਲ ਸਿੰਘ, ਭਾਈ ਸਤਿੰਦਰਬੀਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਜਗਤਾਰ ਸਿੰਘ ਦੇ ਜਥਿਆਂ ਵੱਲੋਂ ਇਲਾਹੀ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਵਾਂ ਸਾਲ ਮਨਾ ਰਹੀਆਂ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਨਾਨਕਸ਼ਾਹੀ ਸੰਮਤ 548 ਅਨੁਸਾਰ ਸਵੇਰੇ ਨਵੇਂ ਸਾਲ ਦਾ ਸ਼ੁਭ ਅਰੰਭ ਹੋ ਰਿਹਾ ਹੈ। ਮੈਂ ਇਸ ਸ਼ੁੱਭ ਅਵਸਰ ਤੇ ਦੇਸ਼-ਵਿਦੇਸ਼ ਵਿੱਚ ਬੈਠੀ ਸਮੁੱਚੀ ਸਿੱਖ ਸੰਗਤ ਨੂੰ ਦਿਲੋਂ ਮੁਬਾਰਕ-ਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਉਹ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦਿਨ, ਦਿਹਾੜੇ, ਗੁਰਪੁਰਬ ਤੇ ਸੰਗਰਾਦਾਂ ਆਦਿ ਮਨਾਉਣ। ਉਨ੍ਹਾਂ ਕਿਹਾ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ (1 ਚੇਤ) ਨਵੇਂ ਸਾਲ ਵਾਲੇ ਦਿਨ ਸਵੇਰੇ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪੁਰਬ ਨੂੰ ਵਾਤਾਵਰਨ ਦਿਵਸ ਵਜੋਂ ਮਨਾਉਣ ਜਾ ਰਹੀ ਹੈ। ਇਸ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਹਨ। ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਪਤਿਤਪੁਣੇ ਵੱਲ ਵਧ ਰਹੀ ਹੈ, ਜਿਸ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖਾਂ ਵਿਚ ਮੂਰਤੀ ਪੂਜਾ ਦਾ ਰੁਝਾਨ ਵਧ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਸਤਿਗੁਰੂ ਨੇ ਸਾਨੂੰ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਮੂਰਤੀਆਂ ਦੀ ਥਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਸਿਰ ਝੁਕਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਇਕ ਸਿੱਖ ਦੇ ਘਰ ਵਿੱਚ ਸਵੇਰੇ-ਸ਼ਾਮ ਨਿਤਨੇਮ ਜ਼ਰੂਰ ਹੋਵੇ ਅਤੇ ਸਭਨਾਂ ਜੀਆਂ ਦੀ ਹਾਜ਼ਰੀ ਵਿੱਚ ਅਜਿਹਾ ਕੀਤਾ ਜਾਵੇ। ਉਨ੍ਹਾਂ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਭੁੱਲ ਭੁਲੇਖੇ ਨਿਤਨੇਮ ਕਰਨਾ ਰਹਿ ਗਏ ਹੋ ਤਾਂ ਅੱਗੇ ਤੋਂ ਇਹ ਪ੍ਰਣ ਕਰ ਲਿਆ ਜਾਵੇ ਕਿ ਗੁਰੂ ਦੀ ਬਾਣੀ ਨਾਲ ਸਦਾ ਜੁੜੇ ਰਹਾਂਗੇ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਨਵੇਂ ਸਾਲ ਵਿੱਚ ਇਹ ਪ੍ਰਣ ਕਰਨ ਲਈ ਵੀ ਕਿਹਾ ਕਿ ਸੰਜੀਦਗੀ ਵਿੱਚ ਜੋ ਕੁਝ ਵੀ ਤੁਸੀ ਖੱਟਿਆ ਹੈ ਉਸ ਦਾ ਲੇਖਾ-ਜੋਖਾ ਜ਼ਰੂਰ ਕਰੋ ਤਾਂ ਕਿ ਸਿੱਖ ਪੰਥ ਸਦਾ ਚੜ੍ਹਦੀ ਕਲਾ ਵਿੱਚ ਰਹੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਾਮਲ ਹੋਣਾ ਸੀ ਪ੍ਰੰਤੂ ਉਹ ਕੁਝ ਜਰੂਰੀ ਪੰਥਕ ਰੁਝੇਵਿਆਂ ਕਾਰਣ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕੇ। ਅਰਦਾਸ ਉਪਰੰਤ ਹੁਕਮਨਾਮਾ ਭਾਈ ਬਲਜੋਧ ਸਿੰਘ ਨੇ ਲਿਆ। ਮੰਚ ਦੀ ਸੇਵਾ ਭਾਈ ਸਰਵਣ ਸਿੰਘ ਪ੍ਰਚਾਰਕ ਨੇ ਨਿਭਾਈ। ਇਸੇ ਸੰਦਰਭ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਵੇਂ ਸਾਲ ਦੀ ਆਮਦ ਅਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਸਕਰਨ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਧੁਰ ਕੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ। ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ ਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ। ਇਸ ਮੌਕੇ ਸ੍ਰ: ਹਰਜਾਪ ਸਿੰਘ ਮੈਂਬਰ ਸ਼ੋ੍ਰਮਣੀ ਕਮੇਟੀ, ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਹਰਭਜਨ ਸਿੰਘ ਮਨਾਵਾਂ, ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਬਿਜੈ ਸਿੰਘ, ਸ੍ਰ: ਰਣਜੀਤ ਸਿੰਘ ਵਧੀਕ ਸਕੱਤਰ, ਸ੍ਰ: ਜਗਜੀਤ ਸਿੰਘ, ਸ੍ਰ: ਸਕੱਤਰ ਸਿੰਘ, ਸ੍ਰ: ਤਰਵਿੰਦਰ ਸਿੰਘ ਤੇ ਸ੍ਰ: ਗੁਰਮੀਤ ਸਿੰਘ ਮੀਤ ਸਕੱਤਰ, ਸ੍ਰ: ਸੁਲੱਖਣ ਸਿੰਘ ਮੈਨੇਜਰ, ਸ੍ਰ: ਹਰਜਿੰਦਰ ਸਿੰਘ, ਸ੍ਰ: ਜਤਿੰਦਰ ਸਿੰਘ, ਸ੍ਰ: ਰਘਬੀਰ ਸਿੰਘ, ਸ੍ਰ: ਸੁਖਰਾਜ ਸਿੰਘ, ਸ੍ਰ: ਸਤਨਾਮ ਸਿੰਘ ਮਾਂਗਾਸਰਾਏਂ, ਸ੍ਰ: ਨਰਿੰਦਰ ਸਿੰਘ ਵਧੀਕ ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਹਰਜਿੰਦਰ ਸਿੰਘ, ਸ੍ਰ: ਨਿਸ਼ਾਨ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ੍ਰ: ਜਸਵਿੰਦਰ ਸਿੰਘ ਦੀਪ, ਸ੍ਰ: ਸੁਖਬੀਰ ਸਿੰਘ, ਸ੍ਰ: ਮਨਿੰਦਰਮੋਹਨ ਸਿੰਘ, ਸ੍ਰ: ਬਲਕਾਰ ਸਿੰਘ ਜੌੜਾ, ਸ੍ਰ: ਗੁਰਦਿਆਲ ਸਿੰਘ ਇੰਚਾਰਜ, ਸ੍ਰ: ਲਖਬੀਰ ਸਿੰਘ, ਸ੍ਰ: ਗੁਰਮੀਤ ਸਿੰਘ ਤੇ ਸ੍ਰ: ਦਰਸ਼ਨ ਸਿੰਘ ਮੀਤ ਮੈਨੇਜਰ, ਸ੍ਰ: ਕੁੰਦਨ ਸਿੰਘ, ਸ੍ਰ: ਕਾਬਲ ਸਿੰਘ, ਸ੍ਰ: ਰਣਜੀਤ ਸਿੰਘ ਤੇ ਸ੍ਰ: ਕਾਬਲ ਸਿੰਘ ਸੁਪਰਵਾਈਜ਼ਰ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media