
ਅੰਮ੍ਰਿਤਸਰ, 17 ਮਾਰਚ (ਜਗਦੀਪ ਸਿੰਘ ਸੱਗੂ)- ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਅੱਜ ਪਿੰਡ ਚੋਗਾਵਾਂ ਵਿਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਤੇ ਸਵੱਛ ਭਾਰਤ ਅਭਿਆਨ’ ਸਬੰਧੀ ਇਕ ਰੈਲੀ ਕੱਢੀ ਗਈ। ‘ਨਿਟਕੋਨ’ ਅਤੇ ਆਈ. ਟੀ. ਆਈ ਚੋਗਾਵਾਂ ਦੇ ਵਿਦਿਆਰਥੀਆਂ ਵੱਲੋਂ ਕੱਢੀ ਗਈ ਇਸ ਰੈਲੀ ਨੂੰ ਸਹਾਇਕ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡੀ. ਐਸ. ਪੀ ਚੋਗਾਵਾਂ ਅਮਨਦੀਪ ਕੌਰ ਅਤੇ ਬੀ. ਡੀ. ਪੀ. ਓ ਬਿਕਰਮ ਸਿੰਘ ਵੀ ਮੌਜੂਦ ਸਨ।
‘ਧੀਆਂ ਮਾਰੀ ਜਾਵਾਂਗੇ ਤਾਂ ਨੂੰਹਾਂ ਕਿੱਥੋਂ ਲਿਆਵਾਂਗੇ’, ‘ਕੁੱਖ ਬਚਾਓ-ਰੁੱਖ ਲਗਾਓ’ ਅਤੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਨਾਅਰੇ ਲਗਾਉਂਦੀ, ਲੋਕਾਂ ਵਿਚ ਇਨ੍ਹਾਂ ਸਮਾਜਿਕ ਵਿਸ਼ਿਆਂ ਬਾਰੇ ਜਾਗਰੂਕਤਾ ਲਿਆਉਂਦੀ ਇਹ ਰੈਲੀ ਬੀ. ਡੀ. ਪੀ. ਓ ਦਫ਼ਤਰ ਤੋਂ ਸ਼ੁਰੂ ਹੋ ਕੇ ਚੋਗਾਵਾਂ ਬਾਜ਼ਾਰ ਵਿਚੋਂ ਹੁੰਦੀ ਹੋਈ ਵਾਪਸ ਦਫ਼ਤਰ ਆ ਕੇ ਸਮਾਪਤ ਹੋਈ। ਰੈਲੀ ਤੋਂ ਪਹਿਲਾਂ ਵਿਦਿਆਰਣਾਂ ਨੂੰ ਸੰਬੋਧਨ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਉਨ੍ਹਾਂ ਨੂੰ ਆਪਣੀ ਸ਼ਕਤੀ ਅਤੇ ਯੋਗਤਾ ਪਹਿਚਾਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੀ ਔਰਤ ਕਿਸੇ ਵੀ ਖੇਤਰ ਵਿਚ ਮਰਦਾਂ ਤੋਂ ਪਿੱਛੇ ਨਹੀਂ ਹੈ। ਉਨ੍ਹਾਂ ਆਪਣੇ ਆਲੇ-ਦੁਆਲੇ ਦੀ ਸਾਫ਼-ਸਫ਼ਾਈ ਅਤੇ ਖੁੱਲ੍ਹੇ ਵਿਚ ਪਖਾਨੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਅਗਾਹ ਕੀਤਾ। ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਅਤੇ ਸਾਫ਼-ਸੁਥਰੇ ਸਮਾਜ ਦੀ ਸਿਰਜਣਾ ਲਈ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਖੇਤਰੀ ਪ੍ਰਚਾਰ ਨਿਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਦੇ ਅਧਿਕਾਰੀ ਰਾਜੇਸ਼ ਬਾਲੀ ਅਤੇ ਤਕਨੀਕੀ ਸਹਾਇਕ ਕਵੀਸ਼ ਦੱਤ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵਿਦਿਆਰਥਣਾਂ ਦਾ ਇਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂਆਂ ਨੂੰ ਡਾ. ਪ੍ਰੀਤੀ ਯਾਦਵ ਨੇ ਇਨਾਮ ਤਕਸੀਮ ਕੀਤੇ।
ਭਲਕੇ 18 ਮਾਰਚ ਨੂੰ ਇਸੇ ਸਬੰਧ ਵਿਚ ਭਾਰਤ ਸਰਕਾਰ ਦੀਆਂ ਆਮ ਲੋਕਾਂ ਦੀ ਭਲਾਈ ਲਈ ਉਲੀਕੀਆਂ ਗਈਆਂ ਵੱਖ-ਵੱਖ ਯੋਜਨਾਵਾਂ ਬਾਰੇ ਇਕ ਸੈਮੀਨਾਰ ਬੀ. ਡੀ. ਪੀ. ਓ ਦਫ਼ਤਰ ਚੋਗਾਵਾਂ ਵਿਖੇ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਵੀਰ ਸਿੰਘ ਲੋਪੋਕੇ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕ ਭਲਾਈ ਯੋਜਨਾਵਾਂ ਬਾਰੇ ਚਾਨਣਾ ਪਾਇਆ ਜਾਵੇਗਾ ਅਤੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਮੁਫ਼ਤ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਜਾਵੇਗਾ।
Punjab Post Daily Online Newspaper & Print Media