
ਨਵੀਂ ਦਿੱਲੀ, 17 ਮਾਰਚ (ਅੰਮ੍ਰਿਤ ਲਾਲ ਮੰਨਣ)- ਲਾਲ ਕਿਲੇ ‘ਤੇ 1783 ਵਿਚ ਸਿੱਖ ਜਰਨੈਲਾਂ ਵਲੋਂ ਕੀਤੀ ਗਈ ਦਿੱਲੀ ਫ਼ਤਿਹ ਦੇ ਇਤਿਹਾਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਲ ਕਿਲੇ ਦੇ ਇਤਿਹਾਸ ‘ਚ ਸ਼ਾਮਿਲ ਕਰਨ ਅਤੇ ਫ਼ਤਿਹ ਦਿਵਸ ਨੂੰ ਕੌਮੀ ਤਿਉਹਾਰ ਦਾ ਦਰਜ਼ਾ ਦੇਣ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸਬੰਧੀ ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਲਿਖੇ ਪੱਤਰ ਵਿੱਚ ਲਾਲਕਿਲੇ ਤੇ ਰੋਜ਼ਾਨਾ ਹੋਣ ਵਾਲੇ ਲਾਈਟ ਐਂਡ ਸਾਉਂਡ ਸ਼ੋਅ ਵਿਚ ਇਸ ਇਤਿਹਾਸ ਨੂੰ ਥਾਂ ਦੇਣ ਦੀ ਅਪੀਲ ਕੀਤੀ ਹੈ।
ਸਿਰਸਾ ਨੇ ਇਸ ਪੱਤਰ ਬਾਰੇ ਜਾਣਕਾਰੀ ਦੇਣ ਦੌਰਾਨ ਸਿੱਖ ਇਤਿਹਾਸ ਨੂੰ ਸੰਭਾਲਣ ਵਾਸਤੇ ਕਮੇਟੀ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜਿਕਰ ਕਰਦੇ ਹੋਏ ਸਿੱਖ ਸੰਗਤਾਂ ਦੀਆਂ ਭਾਵਨਾਂਵਾ ਦੀ ਤਰਜ਼ਮਾਨੀ ਦੇ ਤੌਰ ਤੇ ਬਾਲਾ ਸਾਹਿਬ ਹਸਪਤਾਲ ਕਮੇਟੀ ਵੱਲੋਂ ਖੁਦ ਚਲਾਉਣ ਦਾ ਵੀ ਅਹਿਮ ਐਲਾਨ ਕੀਤਾ।ਸਿਰਸਾ ਨੇ ਕਿਹਾ ਕਿ ਜੰਗੇ ਆਜ਼ਾਦੀ ਦੀ ਪਹਿਲੀ ਲੜਾਈ ਅੰਗਰੇਜਾਂ ਦੇ ਖਿਲਾਫ਼ ਬੇਸ਼ਕ 1857 ਵਿੱਚ ਲੜੀ ਗਈ ਹੋਵੇ ਪਰ ਮੁਗਲ ਰਾਜ ਦੀ ਅਸਲੀ ਤਾਕਤ ਦਿੱਲੀ ਦੇ ਤਖਤ ਨੂੰ ਸਿੱਖ ਯੋਧਿਆਂ ਨੇ 1783 ਵਿੱਚ ਫਤਿਹ ਕਰਕੇ ਗੁਲਾਮੀ ਦੀ ਬੇੜੀਆਂ ਨੂੰ ਤੋੜ ਦਿੱਤਾ ਸੀ।ਸਿੱਖ ਜਰਨੈਲਾਂ ਵੱਲੋਂ ਲਾਲਕਿਲੇ ‘ਤੇ ਝੁਲਾਏ ਗਏ ਕੇਸ਼ਰੀ ਨਿਸ਼ਾਨ ਨੂੰ ਸਿੱਖ ਇਤਿਹਾਸ ਦੀ ਨਾ ਭੁੱਲਣ ਵਾਲੀ ਦਾਸਤਾਨ ਦੇ ਤੌਰ ਤੇ ਵੀ ਸਿਰਸਾ ਨੇ ਪਰਿਭਾਸ਼ਿਤ ਕੀਤਾ। ਲਾਲ ਕਿਲੇ ‘ਤੇ ਰੋਜ਼ਾਨਾਂ ਆਉਣ ਵਾਲੇ ਸੈਂਕੜੇ ਦੇਸ਼ੀ ਅਤੇ ਵਿਦੇਸ਼ੀ ਸੈਲਾਨਿਆਂ ਤਕ ਇਸ ਮਹਾਨ ਇਤਿਹਾਸ ਨੂੰ ਪਹੁੰਚਾਉਣ ਵਾਸਤੇ ਰੱਖਿਆ ਮੰਤਰੀ ਨੂੰ ਪੱਤਰ ਲਿਖਣ ਦਾ ਵੀ ਹਵਾਲਾ ਦਿੰਦੇ ਹੋਏ ਸਿਰਸਾ ਨੇ ਸਿੱਖ ਇਤਿਹਾਸ ਨੂੰ ਹਕੂਮਤਾਂ ਵੱਲੋਂ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ।ਕਮੇਟੀ ਵੱਲੋਂ 1984 ਸਿੱਖ ਕਤਲੇਆਮ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰਾਂ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਨਾਂ ਤੇ ਬਣਾਏ ਜਾ ਰਹੇ ਵਿਰਾਸਤੀ ਘਰ ਨੂੰ ਸਿਰਸਾ ਨੇ ਸਿੱਖ ਇਤਿਹਾਸ ਸੰਭਾਲਣ ਦੀ ਕਵਾਇਦ ਦੱਸਿਆ।ਬਾਲਾ ਸਾਹਿਬ ਹਸਪਤਾਲ ਨੂੰ ਕਮੇਟੀ ਵੱਲੋਂ ਛੇਤੀ ਸ਼ੁਰੂ ਕਰਨ ਦੀ ਗੱਲ ਕਰਦੇ ਹੋਏ ਸਿਰਸਾ ਨੇ ਹਸਪਤਾਲ ਦੀ ਬਿਲਡਿੰਗ ਦੇ ਖੰਡ੍ਹਰ ਬਣਾਉਣ ਦਾ ਠੀਕਰਾ ਵੀ ਸਾਬਕਾ ਪ੍ਰਬੰਧਕਾਂ ਦੇ ਸਿਰ ਭੰਨਿਆ।
Punjab Post Daily Online Newspaper & Print Media