
ਨਵੀਂ ਦਿੱਲੀ, 18 ਮਾਰਚ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੱੰਘ ਨੇ ਬੀਤੇ ਦਿਨੀਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਯੂਨੀਵਰਸਿਟੀ ਕੈਂਪਸ ਵਿੱਚ ‘ਹਿੰਦੂ ਯੋਧਾ ਵੀਰ ਬੰਦਾ ਬੈਰਾਗੀ’ ਦੇ ਨਾਂ ‘ਤੇ ਕੀਤੇ ਗਏ ਸੈਮੀਨਾਰ, ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਹਿੰਦੂ’ ਅਤੇ ‘ਬੈਰਾਗੀ’ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ, ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਸੱਚਾਈ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕ ਉਹ ਆਪਣਾ ‘ਬੈਰਾਗੀ’ ਸਰੂਪ ਤਿਆਗ, ਪੂਰਣ ਰੂਪ ਵਿੱਚ ‘ਸਿੰਘ’ ਸੱਜ ਜਾਣ ਤੋਂ ਬਾਅਦ ਉਹ ਨਾਂ ਤਾਂ ‘ਬੈਰਾਗੀ’ ਰਹਿ ਗਿਆ ਸੀ ਤੇ ਨਾਂ ਹੀ ‘ਵੀਰ ਬੰਦਾ’! ਸ. ਰਾਣਾ ਨੇ ਕਿਹਾ ਕਿ ਅੰਮ੍ਰਿਤ ਛਕਣ ਤੋਂ ਬਾਅਦ ਉਹ ਸਿੰਘ ਸੱਜ ਗਿਆ ਸੀ।ਉਸ ਦੇ ਸਿੰਘ ਸੱਜਣ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਉਸਨੂੰ ਕ੍ਰਿਪਾਨ, ਪੰਜ ਤੀਰ, ਨੇਜ਼ਾ ‘ਤੇ ਨਿਸ਼ਾਨ ਸਾਹਿਬ ਦੇ, ਸਿੰਘਾਂ ਦੀ ਕਮਾਨ ਸੌਂਪੀ ਅਤੇ ਜਬਰ ਤੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ ਭੇਜਿਆ।ਉਨ੍ਹਾਂ ਹੋਰ ਕਿਹਾ ਕਿ ਸਿੱਖ ਇਤਿਹਾਸ ਗੁਆਹ ਹੈ ਕਿ ਸਿੱਖਾਂ ਦੀ ਅਗਵਾਈ ਸਦਾ ਹੀ ਅੰਮ੍ਰਿਤਧਾਰੀਆਂ ਨੇ ਹੀ ਕੀਤੀ ਤੇ ਕਮਾਨ ਸੰਭਾਲੀ, ਨਾ ਕਿ ਕਿਸੇ ਗੈਰ-ਸਿੱਖ ਨੇ। ਇਸਲਈ ਇਹ ਕਹਿਣਾ ਜਾਂ ਮੰਨਣਾ ਕਿ ਬਾਬਾ ਬੰਦਾ ਸਿੰਘ ਬਹਾਦਰ ‘ਹਿੰਦੂ’ ਜਾਂ ‘ਬੈਰਾਗੀ’ ਸੀ, ਸਿੱਖ ਇਤਿਹਾਸ ਅਤੇ ਸਿੱਖੀ ਦੀਆਂ ਪਰੰਪਰਾਵਾਂ ਤੋਂ ਅਨਜਾਣ ਹੋਣਾ ਹੈ। ਸ. ਰਾਣਾ ਨੇ ਹੋਰ ਕਿਹਾ ਕਿ ਖਾਲਸਾ ਕਾਲਜ ਵਿੱਚ ਅਜਿਹਾ ਸੈਮੀਨਾਰ ਹੋਣਾ ਅਤੇ ਉਸ ਵਿੱਚ ਕਾਲਜ ਦੇ ਸਿੱਖ ਪ੍ਰਿੰਸੀਪਲ ਦਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਵੀ ਅਸਹਿ ਹੈ। ਇਸ ਦੇ ਲਈ ਪਿ੍ਰੰਸੀਪਲ ਪਾਸੋਂ, ਅਜਿਹੇ ਸੈਮੀਨਾਰ, ਜਿਸ ਵਿੱਚ ਸਿੱਖ ਇਤਿਹਾਸ ਨੂੰ ਵਿਗਾੜਿਆ ਗਿਆ ਹੋਵੇ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਅਤੇ ਬਿਨਾਂ ਸੋਚੇ ਸਮਝੇ ਕਾਲਜ ਦੇ ਸੈਮੀਨਾਰ ਹਾਲ ਵਿੱਚ ਇਸ ਸੈਮੀਨਾਰ ਨੂੰ ਕਰਨ ਦੀ ਇਜਾਜ਼ਤ ਦਿੱਤੇ ਜਾਣ ਲਈ ਜ਼ਿਮੇਂਦਾਰਾਂ ਪਾਸੋਂ ਸਖਤੀ ਨਾਲ ਜਵਾਬ-ਤਲਬੀ ਕੀਤੀ ਜਾਣੀ ਚਾਹੀਦੀ ਹੈ।
Punjab Post Daily Online Newspaper & Print Media