
ਪਠਾਨਕੋਟ, 18 ਮਾਰਚ (ਪ.ਪ) -ਜ਼ਿਲ੍ਹਾ ਪਠਾਨਕੋਟ ਅੰਦਰ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਟ੍ਰੈਫਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਸੜਕ ਸੁਰੱਖਿਆ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੀਤ ਸਿੰਘ ਐਸ.ਡੀ.ਐਮ. ਧਾਰਕਲਾਂ ਕਮ ਸਹਾਇਕ ਕਮਿਸ਼ਨਰ ਜਨਰਲ, ਜਸਵੰਤ ਸਿੰਘ ਢਿਲੋਂ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਇੰਦਰਜੀਤ ਸਿੰਘ ਚਾਵਲਾ ਜੀ.ਐਮ. ਪੰਜਾਬ ਰੋਡਵੇਜ਼, ਅਸ਼ਵਨੀ ਕੁਮਾਰ ਡੀ.ਐਸ.ਪੀ., ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ), ਜਰਨੈਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐ), ਡਾ. ਤਰਸੇਮ ਸਿੰਘ ਡੀ.ਐਚ.ਓ. ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਟਿੰਗ ਵਿੱਚ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਅਤੇ ਮਲਿਕਪੁਰ ਚੌਕ ਵਿਖੇ ਗਲਤ ਸਾਇਡ ‘ਤੇ ਲਗੇ ਟਰੱਕਾਂ ਨੂੰ ਸਹੀ ਢੰਗ ਨਾਲ ਲਗਾਉਣ, ਬੱਸ ਸਟੈਂਡ ਪਠਾਨਕੋਟ ਨੇੜੇ ਗਲਤ ਢੰਗ ਨਾਲ ਖੜ੍ਹੇ ਆਟੋ ਰਿਕਸ਼ਿਆਂ ਨੂੰ ਤਰਤੀਬਵਾਰ ਖੜ੍ਹੇ ਕਰਨ, ਬੱਸ ਤੇ ਟਰੱਕਾਂ ਵਿੱਚ ਪਰੈਸ਼ਰ ਹਾਰਨਾਂ ‘ਤੇ ਰੋਕ ਲਗਾਉਣ ਅਤੇ ਸੇਫ ਸਕੂਲ ਵਾਹਨ ਸਕੀਮ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੁਝਾਅ ਲਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਧੋਪੁਰ ਰੇਲਵੇ ਸਟੇਸ਼ਨ ਨੇੜੇ ਟਰੱਕਾਂ ਦੀ ਸਹੀ ਪਾਰਕਿੰਗ ਕਰਵਾਉਣ ਲਈ ਸਹਾਇਕ ਕਮਿਸ਼ਨਰ ਜਨਰਲ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਤੇ ਐਕਸੀਅਨ ਨੈਸ਼ਨਲ ਹਾਈਵੇ ਦੀ ਟੀਮ ਬਣਾਈ ਗਈ ਹੈ, ਜੋ ਮੌਕੇ ‘ਤੇ ਜਾ ਕੇ ਸਾਰਾ ਜਾਇਜ਼ਾ ਲੈ ਕੇ ਰਿਪੋਰਟ ਦੇਵੇਗੀ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪ੍ਰਾਈਵੇਟ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਸਕੀਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਨੂੰ ਕਿਹਾ ਕਿ ਜਿੰਨ੍ਹਾਂ ਬੱਸਾਂ ਤੇ ਟਰੱਕਾਂ ਵਿੱਚ ਪਰੈਸ਼ਰ ਹਾਰਨ ਲਗਾਏ ਹਨ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਅਣਸੁਖਾਵੀਆਂ ਦੂਰਘਟਨਾਵਾਂ ਨੂੰ ਰੋਕਣ ਲਈ ਦੋ ਪਹਈਆ ਵਾਹਨਾਂ ਲਈ ‘ਨੋ ਹੈਲਮੇਟ ਨੋ ਪੈਟਰੋਲ’ ਅਤੇ ਹੈਵੀ ਵਾਹਨਾਂ ਲਈ ‘ਨੋ ਰਿਫਲੇਕਟਰ ਨੋ ਪੈਟਰੋਲ’ ਦੀ ਯੋਜਨਾ ਤਿਆਰ ਕਰਨ ਲਈ ਸਬੰਧਤ ਅਧਿਕਾਰੀਆਂ ਤੇ ਪੈਟਰੋਲ ਪੰਪ ਮਾਲਕਾਂ ਨਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਮੀਟਿੰਗ ਕਰਕੇ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ।
Punjab Post Daily Online Newspaper & Print Media