
ਅੰਮ੍ਰਿਤਸਰ 18 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਲਿਉਮਿਨੀ ਐਸੋਸਇਏਸ਼ਨ ਵੱਲੋਂ ਦੂਜੀ ਐਲਿਉਮਿਨੀ ਮਿਲਣੀ ਅੱਜ ਗੁਰੂ ਨਾਨਕ ਭਵਨ ਵਿਖੇ ਕਰਵਾਈ ਗਈ। ਇਸ ਐਲਿਉਮਿਨੀ ਮਿਲਣੀ ਵਿੱਚ ਯੂਨੀਵਰਸਿਟੀ ਦੇ ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਜਾਇਬ ਸਿੰਘ ਬਰਾੜ ਵੱਲੋ ਕੀਤੀ ਗਈ, ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਕੱਠੇ ਹੋਏ ਫੈਕਲਟੀ ਮੈਂਬਰਾਂ ਅਤੇ ਐਲਿਉਮਿਨੀ ਮੈਂਬਰਾਂ ਵੱਲੋਂ ਯੂਨੀਵਰਸਿਟੀ ਦੇ ਵਿਕਾਸ ਵਿਚ ਨਿਭਾਈ ਭੂਮਿਕਾ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁਗ ਵਿਚ ਉਚੇਰੀ ਸਿਖਿਆ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਯੂਨਵਿਰਸਿਟੀਆਂ ਦੀ ਆਮਦ ਅਤੇ ਮਹਿੰਗੀ ਉਚੇਰੀ ਸਿਖਿਆ ਨੂੰ ਨਿਮਨ ਆਰਥਿਕ ਵਰਗ ਤਕ ਪੁਚਾਉਣਾ ਬਹੁਤ ਵੱਡੀ ਚੁਣੌਤੀ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਨਅਤ ਅਤੇ ਸਮਾਜ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਕੋਰਸ ਅਤੇ ਸਿਲੇਬਸ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਯੂਨੀਵਰਸਿਟੀ ਦੇ ਵਿਦਿਆਰਥੀ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰ ਸਕਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਸਿਹਤ ਅਤੇ ਸਹੂਲਤ ਦਾ ਹਰ ਪੱਖੋਂ ਧਿਆਨ ਰਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਵਰ੍ਹਿਆਂ ਤੋਂ ਯੂਨੀਵਰਸਿਟੀ ਦੀ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਦਿਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਅਜੋਕੇ ਮਾਹੌਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਬਕਾ ਵਿਦਿਆਰਥੀਆਂ ਦਾ ਇਹ ਫਰਜ ਬਣਦਾ ਹੈ ਕਿ ਉਹ ਆਪਣੇ ਇਸ ਅਦਾਰੇ ਦੇ ਹੋਰ ਵਿਕਾਸ ਲਈ ਵੱਧ ਤੋਂ ਵੱਧ ਉਪਰਾਲੇ ਕਰਨ। ਉਨ੍ਹਾਂ ਕਿਹਾ ਕਿ ਨੈਟਵਰਕਿੰਗ ਦੇ ਜ਼ਰੀਏ ਵਿਦੇਸ਼ਾਂ ਵਿਚ ਵਸਦੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਇਕੱਠੇ ਕੀਤੇ ਜਾਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਾਬਕਾ ਵਿਦਿਆਰਥੀ ਹੀ ਸੋਚਣ ਕਿ ਕਿਸ ਤਰ੍ਹਾਂ ਯੂਨੀਵਰਸਿਟੀ ਦੇ ਵਿਕਾਸ ਵਿਚ ਉਹ ਸਹਿਯੋਗ ਦੇ ਸਕਦੇ ਹਨ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਸੁਸ਼ੀਲ ਮਿੱਤਲ, ਡਿਪਟੀ ਡਾਇਰੈਕਟਰ, ਥਾਪਰ ਯੂਨੀਵਰਸਿਟੀ ਪਟਿਆਲਾ, ਡਾ. ਮਨਜੀਤ ਸਿੰਘ, ਡਿਪਟੀ ਚੇਅਰਮੈਨ, ਸੀ.ਬੀ.ਐਸ. ਗੁਰੱਪ ਯੂ.ਕੇ., ਬਾਇਓਟੈਕਨਾਲੋਜੀ ਵਿਭਾਗ ਤੋਂ ਡਾ. ਗੁਰਚਰਨ ਕੌਰ, ਪ੍ਰੋਫੈਸਰ ਇੰਚਾਰਜ ਪਲੇਸਮੈਨਟ ਅਤੇ ਡਾ. ਸੁਖਬੀਰ ਕੌਰ ਮਾਹਲ, ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵਿਮਨ ਨੇ ਇਸ ਮੌਕੇ ਆਪਣੇ ਸੁਝਾਅ ਦਿੰਦੇ ਹੋਏ ਯੂਨੀਵਰਸਿਟੀ ਦੇ ਵਿਕਾਸ ਲਈ ਹਰ ਸੰਭਵ ਉਪਰਾਲੇ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਪਹਿਲਾਂ ਡਾ. ਸੁਬੋਧ ਕੁਮਾਰ, ਡੀਨ ਐਲਿਉਮਿਨੀ ਨੇ ਯੂਨੀਵਰਸਿਟੀ ਦੇ ਐਲਿਉਮਿਨੀ ਮੈਂਬਰਾਂ ਅਤੇ ਫੈਕਲਟੀ ਮੈਂਬਰਾਂ ਨੂੰ ਜੀ ਆਇਆ ਆਖਦਿਆਂ ਐਲਉਮਿਨੀ ਮੈਂਬਰਾਂ ਅਤੇ ਫੈਕਲਟੀ ਮੈਂਬਰਾਂ ਦੇ ਇਸ ਕਮਿਉਨਿਟੀ ਕਲਚਰ ਨੂੰ ਯੂਨੀਵਰਸਿਟੀ ਦੀ ਤਰੱਕੀ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
Punjab Post Daily Online Newspaper & Print Media