
ਅੰਮ੍ਰਿਤਸਰ 18 ਮਾਰਚ (ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਰਦੂ ਅਤੇ ਪਰਸ਼ੀਅਨ ਵਿਭਾਗ ਨੇ ਕੌਮੀ ਕੌਂਸਿਲ ਬਰਾਏ ਫ਼ਰੋਗੇ ਉਰਦੂ ਜ਼ਬਾਨ, ਨਵੀਂ ਦਿੱਲੀ ਦੇ ਸਹਿਯੋਗ ਨਾਲ ਬਾਬਾ ਬੁੱਢਾ ਭਵਨ ਵਿੱਚ ਰਾਜਿੰਦਰ ਸਿੰਘ ਬੇਦੀ ਯਾਦਗਾਰੀ ਭਾਸ਼ਣ ਆਯੋਜਤ ਕੀਤਾ।ਭਾਸ਼ਣ ਦੇਣ ਲਈ ਪ੍ਰਸਿੱਧ ਵਿਦਵਾਨ ਡਾ: ਆਜ਼ਰਮੀ ਦੁਖਤ ਸਫ਼ਵੀ, ਡਾਇਰੈਕਟਰ ਇੰਸਟੀਚਿਊਟ ਆਫ ਪਰਸ਼ੀਅਨ ਰੀਸਰਚ, ਅਲੀਗੜ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਉਚੇਚੇ ਤੌਰ ਤੇ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ਡਾ: ਹਰਭਜਨ ਸਿੰਘ ਭਾਟੀਆ, ਪ੍ਰੋਫੈਸਰ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ: ਵਿਨੋਦ ਕੁਮਾਰ ਤਨੇਜਾ, ਸਾਬਕਾ ਪ੍ਰੋਫੈਸਰ ਹਿੰਦੀ ਵਿਭਾਗ, ਮੌਜੂਦ ਸਨ। ਵਿਭਾਗ ਦੇ ਮੁਖੀ ਡਾ: ਅਜ਼ੀਜ਼ ਅੱਬਾਸ ਨੇ ਡਾ: ਅਜ਼ਾਰਮੀ ਦੁਖਤ ਸਫਵੀ, ਫੁੱਲਾ ਦਾ ਗੁਲਦਸਤਾ ਭੇਂਟ ਕਰਦੇ ਹੋਏ ਪ੍ਰੋਗ੍ਰਾਮ ਦਾ ਆਰੰਭ ਕੀਤਾ। ਡਾ: ਆਜ਼ਰਮੀ ਦੁਖਤ ਸਫ਼ਵੀ ਨੇ ਆਪਣੇ ਭਾਸ਼ਣ ਵਿਚ ਫ਼ਾਰਸੀ ਸ਼ਾਇਰਾਂ ਦੀਆਂ ਸਿਖਿਆਵਾਂ ਅਤੇ ਉਹਨਾਂ ਦੇ ਕਿਰਦਾਰ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਹਿੰਦੂਸਤਾਨ ਵਿਚ ਸੰਯੁਕਤ ਸਮਾਜ ਨੂੰ ਉਭਾਰਣ ਲਈ ਫ਼ਾਰਸੀ ਦੇ ਕਲਾਸੀਕਲ ਸਾਹਿਤ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਸ਼ਾਇਰੀ ਇਨਸਾਨੀਅਤ ਦੇ ਪੈਗਾਮ ਤੋ ਬਿਨਾਂ ਸ਼ਾਇਰੀ ਨਹੀ ਕਹਿਲਾ ਸਕਦੀ।
ਡਾ: ਹਰਭਜਨ ਸਿੰਘ ਭਾਟੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵਿਭਾਗ ਦੀਆਂ ਗਤੀਆਂ ਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਇਸ ਕਾਮਯਾਬ ਪ੍ਰੋਗਰਾਮ ਦੀ ਮੁਬਾਰਕਬਾਦ ਵੀ ਦਿੱਤੀ ਅਤੇ ਕਿਹਾ ਕਿ ਸਾਹਿਤ ਵਿਚੋਂ ਇਨਸਾਨੀਅਤ ਨੂੰ ਜੇਕਰ ਕੱਢ ਦਿੱਤਾ ਜਾਵੇ ਤਾਂ ਸਾਹਿਤ ਦਾ ਮਕਸਦ ਕੁਝ ਨਹੀ ਰਹਿ ਜਾਂਦਾ। ਇਸ ਪ੍ਰੋਗ੍ਰਾਮ ਵਿਚ ਡਾ. ਸੁਧਾ ਜਤਿੰਦਰ, ਡਾ. ਸੁਨੀਲ ਕੁਮਾਰ, ਡਾ. ਸੁਨੀਤਾ,ਡਾ. ਗੁਰਪ੍ਰੀਤ ਕੌਰ, ਡਾ. ਰਾਜੇਸ਼ ਸ਼ਰਮਾ, ਡਾ. ਪ੍ਰਭਾਕਰ ਕਸ਼ਿਅਪ, ਡਾ. ਮਨਜਿੰਦਰ ਸਿੰਘ, ਡਾ. ਮੁਹੰਮਦ ਅਸ਼ਰਫ਼, ਰਿਜ਼ਵਾਨ ਉਲ ਜ਼ਮਾਨ, ਮੁਹੰਮਦ ਅਯੂਬ, ਅਲਤਾਫ ਹੁਸੈਨ ਭੱਟ, ਨਾਇਲਾ ਤਬਸੁੱਮ ਅਤੇ ਪਰਮਜੀਤ ਸਿੰਘ ਵੀ ਮੌਜੂਦ ਸਨ। ਆਖਿਰ ਵਿੱਚ ਡਾ. ਰਿਹਾਨ ਹਸਨ ਨੇ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ਼ ਦੀ ਕਾਰਵਾਈ ਡਾ: ਅਜ਼ੀਜ਼ ਅੱਬਾਸ, ਮੁਖੀ ਉਰਦੂ ਅਤੇ ਪਰਸ਼ੀਅਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਨੇ ਸੰਭਾਲੀ।
Punjab Post Daily Online Newspaper & Print Media