
ਸੰਦੌੜ, 19 ਮਾਰਚ (ਹਰਮਿੰਰ ਭੱਟ ਸਿੰਘ)- ਚੰਡੀਗੜ੍ਹ ਵਿਖੇ ਮਾਰਚ ਅਤੇ ਸਤੰਬਰ ਦੇ ਮਹੀਨੇ, ਸਾਲ ਵਿਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਅਧਿਕਾਰੀਆਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਸਕੀਮਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉਥੇ ਆਪੋ ਆਪਣੇ ਤਜਰਬੇ ਵੀ ਵਿਚਾਰੇ ਜਾਂਦੇ ਹਨ।
ਮੇਲੇ ਸਬੰਧੀ ਵਧੇਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਦੇ ਮੇਲੇ ਵਿਚ ਪੰਜ ਪ੍ਰਗਤੀਸ਼ੀਲ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਦੌਰਾਨ ਕਾਫੀ ਵੱਡੀ ਤਾਦਾਦ ਵਿਚ ਲੋਕ ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਧੰਦੇ ਅਪਨਾਉਣ ਦੇ ਖਾਹਿਸ਼ਮੰਦ ਹਨ ਅਤੇ ਉਹ ਯੂਨੀਵਰਸਿਟੀ ਵੱਲੋਂ ਭਵਿੱਖ ਵਿਚ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਰੁਝਾਨ ਰੱਖਦੇ ਸਨ। ਇਸ ਮੌਕੇ ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਲਈ ਤਿਆਰ ਕੀਤੀਆਂ ਜਾਂਦੀਆਂ ਪ੍ਰਕਾਸ਼ਨਾਵਾਂ ਜਿਵੇਂ ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਮੱਸਿਆਵਾਂ ਅਤੇ ਮਹੀਨੇਵਾਰ ਰਸਾਲਾ ਵਿਗਿਆਨਕ ਪਸ਼ੂ ਪਾਲਣ ਵੀ ਪਸ਼ੂ ਪਾਲਕਾਂ ਅਤੇ ਨਵੇਂ ਸਿਖਾਂਦਰੂਆਂ ਨੇ ਬਹੁਤ ਪਸੰਦ ਕੀਤਾ।ਯੂਨੀਵਰਸਿਟੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਪਰਚੇ ਵੀ ਵੰਡੇ ਗਏ।
ਇਸ ਤੋਂ ਇਲਾਵਾ ਦੋ ਕਿਤਾਬਚੇ ਵੀ ਜਾਰੀ ਕੀਤੇ ਗਏ ਸਾਫ ਸੁਥਰਾ ਜੀਵਾਣੂ ਰਹਿਤ ਮੀਟ ਤਿਆਰ ਤੇ ਮੀਟ ਤੋਂ ਵੱਖ-ਵੱਖ ਉਤਪਾਦ ਬਨਾਉਣਾ। ਇਨ੍ਹਾਂ ਤੋਂ ਇਲਾਵਾ ਹੋਰ ਸਾਹਿਤ ਸਮੱਗਰੀ ਵੀ ਜਾਰੀ ਕੀਤੀ ਗਈ। ਪਸ਼ੂਆਂ ਵਿਚ ਧਾਤਾਂ ਦੀ ਘਾਟ ਨੂੰ ਪੂਰਿਆਂ ਕਰਨ ਵਾਸਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਮੁਤਾਬਿਕ ਧਾਤਾਂ ਦਾ ਚੂਰਾ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ਜਿਸਦੀਆਂ ਤਿੰਨ ਕਿਸਮਾਂ ਇਥੇ ਜਾਰੀ ਕੀਤੀਆਂ ਗਈਆਂ। ਯੂਨੀਵਰਸਿਟੀ ਦੇ ਡੇਅਰੀ ਸਾਇੰਸ ਕਾਲਜ ਵੱਲੋਂ ਤਿਆਰ ਕੀਤਾ ਗਿਆ ਘਟ ਚਿਕਨਾਈ ਵਾਲਾ ਦਹੀ ਵੀ ਪੇਸ਼ ਕੀਤਾ ਗਿਆ।
ਯੂਨੀਵਰਸਿਟੀ ਦੇ ਵੈਟਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੇ ਰੋਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਵਿਭਾਗਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਪਸ਼ੂਆਂ ਦੀ ਹਰ ਸਮੱਸਿਆ ਤੇ ਰੋਸ਼ਨੀ ਪਾਈ। ਦੁੱਧ ਦੀ ਜਾਂਚ ਕਿੱਟ, ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਦਾ ਪਸ਼ੂ ਪਾਲਕਾਂ ਨੇ ਕਾਫੀ ਫਾਇਦਾ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਫਿਸ਼ਰੀਜ ਕਾਲਜ ਨੇ ਜਿੱਥੇ ਕਾਰਪ ਮੱਛੀਆਂ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ, ਉਥੇ ਉਨਾਂ ਨੇ ਖਾਰੇ ਪਾਣੀ ਵਿਚ ਮੱਛੀ ਪਾਲਣ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਡਕਵੀਡ ਅਤੇ ਅਜ਼ੋਲਾ ਨੂੰ ਮੱਛੀ ਦੀ ਫੀਡ ਅਤੇ ਪਸ਼ੂ ਆਹਾਰ ਦੇ ਤੌਰ ਤੇ ਕਿਵੇਂ ਵਰਤਿਆ ਜਾ ਸਕਦਾ ਹੈ ਉਸ ਸਬੰਧੀ ਪਸ਼ੂ ਪਾਲਕਾਂ ਨੂੰ ਪੂਰਨ ਜਾਣਕਾਰੀ ਦਿੱਤੀ ਗਈ।
ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਧਾਤਾਂ ਦੇ ਮਿਸ਼ਰਣ, ਬਾਈ-ਪਾਸ ਫੈਟ ਅਤੇ ਪਸ਼ੂ ਚਾਟ ਸਬੰਧੀ ਪਸ਼ੂ ਪਾਲਕ ਵਿਸ਼ੇਸ਼ ਖਿੱਚ ਰੱਖਦੇ ਸਨ। ਉਨ੍ਹਾਂ ਵੱਡੀ ਮਾਤਰਾ ਵਿਚ ਇਨਾਂ ਪਦਾਰਥਾਂ ਨੂੰ ਖਰੀਦਿਆ ਕਿਉਂਕਿ ਇਹ ਬਹੁਤ ਹੀ ਵਾਜਬ ਕੀਮਤ ਤੇ ਦਿੱਤੇ ਜਾ ਰਹੇ ਸਨ।
Punjab Post Daily Online Newspaper & Print Media