
ਮਾਲੇਰਕੋਟਲਾ, 21 ਮਾਰਚ (ਹਰਮਿੰਦਰ ਭੱਟ ਸਿੰਘ) – ਪਿਛਲੇ ਪੰਦਰਾਂ ਦਿਨਾਂ ਵਿੱਚ ਨੇੜਲੇ ਪਿੰਡ ਗੁਆਰਾ ਦੇ ਡੇਢ ਦਰਜਨ ਕਿਸਾਨਾਂ ਦੇ ਕਰੀਬ ਦੋ ਦਰਜਨ ਦੁਧਾਰੂ ਪਸ਼ੂਆਂ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਤੇ 100 ਦੇ ਕਰੀਬ ਬਿਮਾਰ ਪਏ ਹਨ। ਸਿਵਲ ਪ੍ਰਸ਼ਾਸਨ ਨੇ ਅਜੇ ਤੱਕ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਾਰ ਨਹੀਂ ਲਈ।ਪ੍ਰਭਾਵਿਤ ਪਸ਼ੂ ਪਾਲਕ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ।ਹਾਕਮ ਸਿੰਘ ਪੁੱਤਰ ਜ਼ੋਰਾ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੀਆਂ ਕਰੀਬ 4 ਲੱਖ ਰੁਪਏ ਦੀ ਕੀਮਤ ਦੇ ਪੰਜ ਦੁਧਾਰੂ ਪਸ਼ੂ ਮੌਤ ਦੇ ਮੂੰਹ ਜਾ ਪਏ ਹਨ।ਬਿਮਾਰੀ ਦੀ ਪਛਾਣ ਲਈ ਉਹ ਆਪਣੀ ਇੱਕ ਬਿਮਾਰ ਮੱਝ ਨੂੰ ਗਡਵਾਸੂ (ਲੁਧਿਆਣਾ) ਵੀ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਬਿਮਾਰ ਮੱਝ ਦੇ ਖ਼ੂਨ ਦੇ ਨਮੂਨੇ ਵੀ ਲਏ। ਕਿਸਾਨ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਸ ਦੀਆਂ ਦੀਆਂ ਤਿੰਨ ਗਾਵਾਂ ਅਤੇ ਇੱਕ ਮੱਝ ਮੌਤ ਦੇ ਮੂੰਹ ਜਾ ਪਈ।ਬਲਵਿੰਦਰ ਸਿੰਘ, ਹਾਕਮ ਸਿੰਘ, ਅਮਨਦੀਪ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਹਾਕਮ ਤੇ ਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ-ਇੱਕ ਮੱਝ, ਇਕਬਾਲ ਸਿੰਘ ਦੀ ਇੱਕ ਗਊ, ਮੱਖਣ ਸਿੰਘ ਦੀਆਂ ਦੋ ਮੱਝਾਂ, ਬੇਅੰਤ ਸਿੰਘ ਦਾ ਇੱਕ ਸਾਨ੍ਹ, ਜਰਨੈਲ ਸਿੰਘ ਦੀ ਇੱਕ ਕੱਟੀ, ਰਾਮ ਸਿੰਘ ਦੀ ਇੱਕ ਮੱਝ, ਸੁਖਮਿੰਦਰ ਸਿੰਘ ਦਾ ਇੱਕ ਸਾਨ੍ਹ ਅਤੇ ਜਗਦੀਸ਼ ਸਿੰਘ ਦੀ ਇੱਕ ਗਊ ਲਾਗ ਦੀ ਬਿਮਾਰੀ ਨੇ ਨਿਗਲ ਲਈ ਹੈ।ਪ੍ਰਭਾਵਿਤ ਕਿਸਾਨਾਂ ਨੇ ਦੱਸਿਆ ਕਿ ਪਸ਼ੂ ਹਸਪਤਾਲ ਦੇ ਡਾਕਟਰੀ ਅਮਲੇ ਨੇ ਕੁੱਝ ਸਮਾਂ ਪਹਿਲਾਂ ਗਲ-ਘੋਟੂ ਤੇ ਮੂੰਹ-ਖ਼ੁਰ ਦਾ ਟੀਕਾਕਰਨ ਵੀ ਕੀਤਾ ਸੀ। ਪਸ਼ੂ ਪਾਲਕਾਂ ਨੇ ਦੱਸਿਆ ਕਿ ਪਸ਼ੂਆਂ ਦੀ ਮੌਤ ਕਾਰਨ ਪਿੰਡ ਦੇ ਬਾਕੀ ਪਸ਼ੂ ਪਾਲਕ ਤੇ ਕਿਸਾਨ ਦੀ ਬੇਹੱਦ ਡਰੇ ਹੋਏ ਹਨ। ਉਕਤ ਕਿਸਾਨਾਂ ਨੇ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਨੇ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਾਰ ਨਹੀਂ ਲਈ।ਪਸ਼ੂ ਹਸਪਤਾਲ ਦੇ ਡਾ. ਸ਼ਿਵਰਾਜ ਸਿੰਘ ਨੇ ਪਿੰਡ ਵਿੱਚ ਪਸ਼ੂ ਮਰਨ ਦੀ ਤਸਦੀਕ ਕਰਦਿਆਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਲੰਘੇ ਜਨਵਰੀ ਮਹੀਨੇ ਦੌਰਾਨ ਮੂੰਹ-ਖ਼ੁਰ ਦਾ ਟੀਕਾਕਰਨ ਕੀਤਾ ਗਿਆ ਸੀ ਤੇ ਉਨ੍ਹਾਂ ਹੁਣ ਮ੍ਰਿਤਕ ਅਤੇ ਬਿਮਾਰ ਪਸ਼ੂਆਂ ਦੀ ਬਿਮਾਰੀ ਦੇ ਲੱਛਣਾਂ ਦੇ ਅਧਾਰ ‘ਤੇ ਪਸ਼ੂ ਪਾਲਣ ਵਿਭਾਗ ਤੋਂ ਲੋੜੀਂਦੀ ਦਵਾਈ ਮੰਗਵਾ ਕੇ ਪਿੰਡ ਵਿੱਚ ਟੀਕਾਕਰਨ ਕੀਤਾ ਹੈ। ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਗੁਆਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਫ਼ਸਲ ਦੇ ਖ਼ਰਾਬੇ ਦੀ ਤਰਜ਼ ‘ਤੇ ਮੁਆਵਜਾ ਦਿੱਤਾ ਜਾਵੇ।
Punjab Post Daily Online Newspaper & Print Media