
ਭਾਰਤ ਤੇ ਆਸਟ੍ਰੇਲੀਆ ਦਰਮਿਆਨ ਦੋਸਤੀ ਮਜ਼ਬੂਤ ਕਰੇਗੀ ‘ਸਪਿਰਿਟ ਆਫ ਇੰਡੀਆ ਰਨ’-ਪੈਟ੍ਰਿਕ ਫਾਰਮਰ
ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ)- ‘ਸਪਿਰਿਟ ਆਫ ਇੰਡੀਆ ਰਨ-2016’ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੋਸਤੀ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰੇਗੀ। ਇਹ ਪ੍ਰਗਟਾਵਾ ਆਸਟ੍ਰੇਲੀਆ ਦੇ ਲੰਬੀ ਦੂਰੀ ਦੇ ਵਿਸ਼ਵ ਪ੍ਰਸਿੱਧ ਦੌੜਾਕ ਅਤੇ ਸਾਬਕਾ ਸਿੱਖਿਆ ਤੇ ਖੇਡ ਮੰਤਰੀ ਪੈਟ੍ਰਿਕ ਫਾਰਮਰ ਨੇ ਅੱਜ ਅੰਮ੍ਰਿਤਸਰ ਪਹੁੰਚਣ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸਵਾਗਤੀ ਗੇਟ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ. ਤਜਿੰਦਰ ਪਾਲ ਸਿੰਘ ਸੰਧੂ, ਐਸ. ਡੀ. ਐਮ ਸ੍ਰੀ ਰੋਹਿਤ ਗੁਪਤਾ, ਜ਼ਿਲ੍ਹਾ ਸੈਰ-ਸਪਾਟਾ ਅਫ਼ਸਰ ਬਲਰਾਜ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਪੈਟ੍ਰਿਕ ਫਾਰਮਰ, ਉਨ੍ਹਾਂ ਦੀ ਪਤਨੀ ਤਾਨਿਆ ਫਾਰਮਰ ਅਤੇ ਟੀਮ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਪੈਟ੍ਰਿਕ ਫਾਰਮਰ ਨੇ ਦੱਸਿਆ ਕਿ ਇਹ ਦੌੜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੋਸਤਾਨਾ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਲਈ ਸੈਰ-ਸਪਾਟਾ ਮੰਤਰਾਲਾ ਭਾਰਤ ਸਰਕਾਰ ਅਤੇ ਕੈਨਬਰਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੌੜ ਦੋਵਾਂ ਮੁਲਕਾਂ ਵਿਚਾਲੇ ਵਪਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਵੀ ਹੁਲਾਰਾ ਦੇਣ ਦਾ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ 26 ਜਨਵਰੀ 2016 ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਦੌੜ 30 ਮਾਰਚ ਨੂੰ ਸ੍ਰੀਨਗਰ ਪਹੁੰਚ ਕੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ 80 ਕਿਲੋਮੀਟਰ ਦੌੜਦੇ ਹਨ ਅਤੇ ਦੌੜ ਦੌਰਾਨ ਇਕੱਤਰ ਹੋਈ ਰਾਸ਼ੀ ਉਹ ਲੜਕੀਆਂ ਦੀ ਸਿੱਖਿਆ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ ਦਾਨ ਕਰਨਗੇ। ਉਨ੍ਹਾਂ ਕਿਹਾ ਕਿ ਲੜਕੀ ਦੇ ਸਿੱਖਿਅਤ ਹੋਣਾ ਭਵਿੱਖ ਦੀ ਮਾਂ ਦਾ ਸਿੱਖਿਅਤ ਹੋਣਾ ਹੈ ਅਤੇ ਜੇਕਰ ਮਾਂ ਸਿੱਖਿਅਤ ਹੋਵੇਗੀ ਤਾਂ ਪਰਿਵਾਰ ਸਿੱਖਿਅਤ ਹੋਣਗੇ ਅਤੇ ਦੇਸ਼ ਸਿੱਖਿਅਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਅਤੇ ਉੱਤਰੀ ਅਮਰੀਕਾ ਦਾ ਦੋ-ਦੋ ਵਾਰ ਦੌੜ ਕੇ ਚੱਕਰ ਲਗਾ ਚੁੱਕੇ ਹਨ। ਸ੍ਰੀ ਫਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਇਹ ਦੌੜ ‘ਭਾਰਤ ਦੀ ਅਨੇਕਤਾ ਵਿੱਚ ਏਕਤਾ’ ਦੇ ਸੰਕਲਪ ਨੂੰ ਹੋਰ ਵੀ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਸ ਦੌੜ ਨੂੰ ਏਅਰ ਇੰਡੀਆ ਨੇ ਸਪਾਂਸਰ ਕੀਤਾ ਹੈ ਅਤੇ ਉਸ ਦਾ ਸਟਾਫ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਖਾਸ ਕਰਕੇ ਪੰਜਾਬ ਵਿਚ ਉਨ੍ਹਾਂ ਭਰਪੂਰ ਪਿਆਰ ਮਿਲਿਆ ਹੈ ਅਤੇ ਹਜ਼ਾਰਾਂ ਪੰਜਾਬੀਆਂ ਨੇ ਉਨ੍ਹਾਂ ਦੇ ਨਾਲ ਦੌੜ ਵਿਚ ਹਿੱਸਾ ਵੀ ਲਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਪਹੁੰਚ ਕੇ ਉਨ੍ਹਾਂ ਨੂੰ ਅਥਾਹ ਖੁਸ਼ੀ ਪ੍ਰਾਪਤ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਨਗਰੀ ਦੀ ਮਹੱਤਤਾ ਬਾਰੇ ਕੇਵਲ ਪੜ੍ਹਿਆ-ਸੁਣਿਆ ਹੀ ਸੀ।
Punjab Post Daily Online Newspaper & Print Media