
ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਨਾਟਸ਼ਾਲਾ ਦੇ 18ਵੇਂ ਸਥਾਪਨਾ ਦਿਵਸ ਅਤੇ ਵਰਲਡ ਥੀਏਟਰ ਡੇਅ ਨੂੰ ਸਮਰਪਿਤ ਥੀਏਟਰ ਫੈਸਟੀਵਲ ਦੇ ਦੂਸਰੇ ਦਿਨ ਪਾਲੀ ਭੁਪਿੰਦਰ ਲਿਖਤ ਪੰਜਾਬੀ ਨਾਟਕ ”ਮੈਂ ਭਗਤ ਸਿੰਘ” ਪੇਸ਼ ਕੀਤਾ ਗਿਆ। ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਲੋਕਾਂ ਨੇ ਮੁਲਕ ਦੀ ਅਜ਼ਾਦੀ ਦੇ ਲਈ ਕੀ-ਕੀ ਕੀਤਾ ਅਤੇ ਉਨ੍ਹਾਂ ਦੀ ਇਸ ਲੜਾਈ ਦਾ ਮੁੱਖ ਮਕਸਦ ਕੀ ਸੀ ਬਾਖੂਬੀ ਦਰਸਾਇਆ ਗਿਆ। ਨਾਟਕ ਦੇ ਮੁਤਾਬਿਕ ਉਨ੍ਹਾਂ ਨੇ ਸਿਰਫ ਅਜ਼ਾਦੀ ਹਾਸਲ ਕਰਨ ਦੇ ਲਈ ਹੀ ਕੁਰਬਾਨੀ ਨਹੀਂ ਦਿੱਤੀ, ਉਨ੍ਹਾਂ ਦੀ ਇਹ ਵੀ ਸੋਚ ਸੀ ਕਿ ਹਰੇਕ ਨੂੰ ਬਰਾਬਰ ਦਾ ਅਧਿਕਾਰ ਮਿਲੇ।ਕਿਤੇ ਗਰੀਬੀ, ਅਨਪੜ੍ਹਤਾ, ਬੇਰੋਜ਼ਗਾਰੀ, ਜਾਤ ਅਤੇ ਧਰਮ ਦੇ ਨਾਮ ਤੇ ਹੋਣ ਵਾਲੇ ਦੰਗੇ ਨਾ ਹੋਣ। ਹਰੇਕ ਨੂੰ ਸਨਮਾਨ ਅਤੇ ਬਰਾਬਰੀ ਦਾ ਦਰਜ਼ਾ ਮਿਲੇ ਫਿਰ ਚਾਹੇ ਉਹ ਕਿਸਾਨ, ਮਜ਼ਦੂਰ, ਨੇਤਾ ਅਤੇ ਹੁਕਮਰਾਨ ਕਿਉਂ ਨਾ ਹੋਵੇ, ਲੇਕਿਨ ਹੋ ਬਿਲਕੁੱਲ ਉਲਟ ਰਿਹਾ ਹੈ। ਉਨ੍ਹਾਂ ਦੀ ਸੋਚ, ਸੋਚ ਬਣ ਕੇ ਰਹਿ ਗਈ। ਅਜ਼ਾਦੀ ਤਾਂ ਮਿਲੀ, ਲੇਕਿਨ ਨਾਮ ਦੀ ਅਤੇ ਉਸ ਦਾ ਲਾਭ ਕੁੱਝ ਲੋਕ ਲੈ ਰਹੇ ਹਨ ਅਤੇ ਬਾਕੀ ਲੋਕ ਅੰਗ੍ਰੇਜਾਂ ਦੇ ਰਾਜ ਤੋਂ ਵੀ ਬੁਰੀ ਜਿੰਦਗੀ ਜੀਅ ਰਹੇ ਹਨ।
ਇਸ ਨਾਟਕ ਨੂੰ ਜੀ.ਐਨ.ਡੀ.ਯੂ ਕਾਲਜ ਵੇਰਕਾ ਦੇ ਥੀਏਟਰ ਗਰੁੱਪ ”ਪ੍ਰਗਤੀਸ਼ੀਲ ਨਾਟ ਮੰਚ” ਦੇ ਕਲਾਕਾਰਾਂ ਨੇ ਮੰਚਿਤ ਕੀਤਾ। ਸੰਦੀਪ ਗਾਲਿਬ ਦੁਆਰਾ ਨਿਰਦੇਸ਼ਿਤ ਇਸ ਨਾਟਕ ਵਿੱਚ 1947 ਵਿੱਚ ਹੋਈ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਕੁਰਬਾਨੀ ਨੂੰ ਪੇਸ਼ ਕੀਤਾ ਗਿਆ। ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਨੇ ਕਲਾਕਾਰਾਂ ਦੀ ਪੇਸ਼ਕਾਰੀ ਨੂੰ ਸਰਾਹਿਆ ਅਤੇ ਕਿਹਾ ਕਿ ਅੱਜ ਸ਼ਹੀਦੀ ਦਿਵਸ ਮੌਕੇ ਇਸ ਨਾਟਕ ਦੇ ਜ਼ਰੀਏ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।ਨਾਟਕ ਵਿੱਚ ਲਵ ਸੰਦੀਪ, ਹਰਮੀਤ ਸਿੰਘ, ਸੌਰਵ ਕਾਲੀਆ, ਧਰਮਿੰਦਰ ਸਿੰਘ, ਬਿਕਰਮਜੀਤ ਸਿੰਘ, ਲਵ ਸ਼ਰਮਾ, ਅਨੁਰੀਤ ਕੌਰ, ਬੂਟਾ ਸਿੰਘ, ਹਰਮੀਤ ਕੌਰ, ਬਲਜੀਤ ਕੌਰ, ਨਿਰਵੈਰ ਆਦਿ ਨੇ ਕਿਰਦਾਰ ਨਿਭਾਇਆ ਹੈ।
Punjab Post Daily Online Newspaper & Print Media