
ਅਹਿਮਦਗੜ੍ਹ/ ਸੰਦੌੜ, 27 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਦੇ ਲੋਕਾਂ ਨੂੰ ਬਾਦਲ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਵਿੱਢੀ ਗਈ ‘ਜਾਗੋ ਪੰਜਾਬ ਲਹਿਰ’ ਦੀ ਅੱਜ ਅਹਿਮਦਗੜ੍ਹ ਵਿਖੇ ਕਾਮਯਾਬ ਸ਼ੁਰੂਆਤ ਹੋਈ। ਇਸ ਲਹਿਰ ਦੀ ਅਗਵਾਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਕਾਂਗਰਸ ਯੂਥ ਵਿੰਗ ਦੇ ਪ੍ਰਧਾਨ ਅਵਜਿੰਦਰ ਸਿੰਘ ਕਾਲਾ ਘੁਡਾਣੀ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪ੍ਰਧਾਨ ਜਗਮੇਲ ਸਿੰਘ ਜਿੱਤਵਾਲ ਨੇ ਕੀਤੀ।ਇਸ ਲਹਿਰ ਵਿੱਚ ਹਲਕਾ ਅਮਰਗੜ੍ਹ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਬਹੁਤ ਹੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਪਹੁੰਚਣ ਨਾਲ ਇਸ ਲਹਿਰ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਕਾਲਾ ਘੁਡਾਣੀ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਪੰਜਾਬ ਅੰਦਰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਮੱਕੜ ਜਾਲ ਨੂੰ ਫੈਲਾ ਕੇ ਪੰਜਾਬ ਨੂੰ ਬਹੁਤ ਮਾੜੇ ਅਤੇ ਨਾਜੁਕ ਹਲਾਤਾਂ ਵਿੱਚ ਪਹੁੰਚਾ ਦਿੱਤਾ ਹੈ ।ਜਿਸਤੋਂ ਪੰਜਾਬ ਦੇ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਪੰਜਾਬ ਦੀ ਸੱਤਾ ਦੀ ਬਾਗਡੋਰ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਹੱਥਾਂ ਵਿੱਚ ਸੋਂਪਣਾ ਬਹੁਤ ਹੀ ਜਰੂਰੀ ਹੈ। ਜਿਸ ਲਈ ਪੰਜਾਬ ਦੇ ਨੌਜਾਵਨਾਂ ਦਾ ਸਮਰਥਨ ਬਹੁਤ ਹੀ ਜਰੂਰੀ ਹੈ ਕਿਉਂਕਿ ਹਰੇਕ ਦੇਸ਼ ਦੇ ਉਜਵੱਲ ਭਵਿੱਖ ਲਈ ਉੱਥੋਂ ਦੇ ਨੌਜਵਾਨਾਂ ਦੀ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ।ਇਸ ਲਈ ਉਹ ਪੰਜਾਬ ਦੇ ਨੌਜਾਵਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣਾ ਸਹਿਯੋਗ ਕਾਂਗਰਸ ਨੂੰ ਦੇਕੇ ਕੈਪਟਨ ਸਾਹਬ ਦੇ ਹੱਥ ਮਜਬੂਤ ਕਰਨ ਅਤੇ ਇਸ ਲਹਿਰ ਨੂੰ ਦਿਨ ਪ੍ਰਤੀ ਦਿਨ ਕਾਮਯਾਬ ਕਰਨ ਵਿੱਚ ਸਾਡੇ ਨਾਲ ਜੁੜਨ। ਇਸ ਮੌਕੇ ਕਾਲਾ ਘੁਡਾਣੀ ਨੇ ਇਸ ਲਹਿਰ ਸਬੰਧੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿੱਚ ਬਦਲਾਅ ਲਿਆਉਣ ਲਈ ਖਾਧੀਆਂ ਚਾਰ ਸਹੋਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਅੰਦਰ ਕੈਪਟਨ ਸਰਕਾਰ ਆਉਣ ਤੇ ਪੰਜਾਬ ਅੰਦਰ ਕਿਸਾਨੀ ਨੂੰ ਇੱਕ ਲਾਹੇਵੰਦ ਧੰਦਾ ਬਣਾਕੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਵਿਕਾਸਸ਼ੀਲ ਕਿਸਾਨ ਬਨਾਇਆ ਜਾਵੇਗਾ। ਜਿਸ ਬੇਰੁਜਗਾਰੀ ਕਾਰਨ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਰਾਹ ਤੁਰਦੇ ਜਾ ਰਹੇ ਹਨ, ਉਹ ਉਸਨੂੰ ਖਤਮ ਕਰਨ ਲਈ ਪੰਜਾਬ ਦੇ ਹਰ ਪਰਿਵਾਰ ਨੂੰ ਇੱਕ ਨੌਕਰੀ ਜਰੂਰ ਮੁਹੱਈਆ ਕਰਵਾਉਣਗੇ ਅਤੇ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਚਲਾਉਣ ਵਾਲੇ ਨਸ਼ੇ ਦੇ ਤਸਕਰਾਂ ਨੂੰ ਫੜ ਕੇ ਕਾਨੂੰਨ ਮੁਤਾਬਕ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣਗੇ ਅਤੇ ਪੰਜਾਬ ‘ਚ ਫੈਲੇ ਭ੍ਰਿਸ਼ਟਾਚਾਰ ਦੀ ਜੜ ਨੂੰ ਸਿਰੇ ਤੋਂ ਖਤਮ ਕਰਨਗੇ।
ਇਸ ਮੌਕੇ ਹਲਕਾ ਅਮਰਗੜ੍ਹ ਦੇ ਯੂਥ ਕਾਂਗਰਸ ਦੇ ਪ੍ਰਧਾਨ ਜਗਮੇਲ ਸਿੰਘ ਜਿੱਤਵਾਲ ਨੇ ਕਿਹਾ ਕਿ ਅੱਜ ‘ਜਾਗੋ ਪੰਜਾਬ ਲਹਿਰ’ ਦੌਰਾਨ ਜਿਸ ਤਰਾਂ ਹਲਕੇ ਦੇ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ ਹੈ।ਉਸਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਅੰਦਰ ਆਉਣ ਵਾਲੀ ਸਰਕਾਰ ਕੈਪਟਨ ਦੀ ਹੀ ਹੋਵੇਗੀ ਕਿਉਂਕਿ ਜਿਸ ਸਿਆਸੀ ਪਾਰਟੀ ਦਾ ਸਮਰਥਨ ਨੌਜਵਾਨ ਕਰਨ ਉਸ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਫੇਰ ਕੋਈ ਨਹੀਂ ਰੋਕ ਸਕਦਾ। ਅੱਗੇ ਜਿੱਤਵਾਲ ਨੇ ਕਿਹਾ ਕਿ ਉਹ ਆਪਣੇ ਹਲਕੇ ਅੰਦਰ ਇਸ ਲਹਿਰ ਨੂੰ ਹੋਰ ਕਾਮਯਾਬ ਬਨਾਉਣ ਲਈ ਦਿਨ ਪ੍ਰਤੀ ਦਿਨ ਹੋਰ ਨੌਜਵਾਨਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨਗੇ ।ਇਸ ਮੌਕੇੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਨੇ ਕਿਹਾ ਕਿ ਕਿ ਜਿਸ ਤਰਾਂ ਅੱਜ ਇੱਥੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਦਾ ਹੰਜੂਮ ਉਮੜਿਆ ਹੈ, ਉਸ ਨੂੰ ਦੇਖ ਕੇ ਇਹ ਯਕੀਨ ਹੋ ਗਿਆ ਹੈ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਪੰਜਾਬ ਦੇ ਹਰੇਕ ਸ਼ਹਿਰ, ਪਿੰਡ ਅਤੇ ਕਸਬੇ ਅੰਦਰ ‘ਜਾਗੋ ਪੰਜਾਬ ਲਹਿਰ’ ਦੀ ਹਨੇਰੀ ਚੱਲੇਗੀ। ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰੇਕ ਵਰਗ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਬਾਦਲ ਸਰਕਾਰ ਦਾ ਸਫਾਇਆ ਕਰਕੇ ਕੈਪਟਨ ਸਰਕਾਰ ਨੂੰ ਪੰਜਾਬ ਦਾ ਅਗਲਾ ਮੁਖਮੰਤਰੀ ਦੇਖਣ ਲਈ ਉਤਾਵਲੇ ਬੈਠੇ ਹਨ।ਇਸ ਮੌਕੇ ਵੱਡੀ ਗਿਣਤੀ ਨੌਜਵਾਨ ਆਗੂਆਂ ਵਿੱਚ ਸਰਪੰਚ ਮਿੰਦੀ ਗਾਂਧੀ, ਹਲਕਾ ਫਤਿਹਗੜ੍ਹ ਸਾਹਿਬ ਦੇ ਕਾਂਗਰਸ ਯੂਥ ਸੈਕਟਰੀ ਪਰਦੀਪ ਸਿੰਘ ਜਿੱਤਵਾਲ, ਕੋਂਸਲਰ ਈਸਾ ਮਹੁੰਮਦ ਅਤੇ ਕੋਂਸਲਰ ਸੁਰਾਜ ਮਹੁੰਮਦ, ਪਿੰਦਰੀ ਸਹਾਰਨਮਾਜਰਾ, ਸੰਨੀ ਜੋਸ਼ੀ,ਗੁਰਵਿੰਦਰ ਸਿੰਘ ਰਟੋਲ, ਦਿਕਸ਼ਤ ਜੋਸੀ, ਤਪਿੰਦਰ ਸੌਂਦ, ਬਿੱਲਾ ਸੋਫਤ ਆਦਿ ਹਾਜਰ ਸਨ।
Punjab Post Daily Online Newspaper & Print Media