
ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)- ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਅੱਗੇ ਵਧਣ ਦੇ ਮੌਕੇ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਬੀ. ਬੀ. ਕੇ. ਡੀ. ਏ. ਵੀ ਪਬਲਿਕ ਸਕੂਲ, ਯਾਸੀਨ ਰੋਡ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਇੰਨਰ ਵੀਲ੍ਹ ਕਲੱਬ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚੀਆਂ ਵੱਲੋਂ ਜਿਥੇ ਭਾਰਤ ਦੀਆਂ ਮਹਾਨ ਔਰਤਾਂ, ਜਿਵੇਂ ਝਾਂਸੀ ਦੀ ਰਾਣੀ, ਮਾਤਾ ਗੁਜਰੀ, ਮਦਰ ਟਰੇਸਾ ਅਤੇ ਪ੍ਰਤਿਭਾ ਪਾਟਿਲ ‘ਤੇ ਆਧਾਰਿਤ ਕਵਿਤਾਵਾਂ ਪੇਸ਼ ਕੀਤੀਆਂ ਉਥੇ ਭਰੂਣ ਹੱਤਿਆ ਖਿਲਾਫ਼ ਇਕ ਛੋਟਾ ਨਾਟਕ ਵੀ ਖੇਡਿਆ ਗਿਆ।
ਇਸ ਮੌਕੇ ਇੰਨਰ ਵੀਲ੍ਹ ਕਲੱਬ ਦੀ ਪ੍ਰਧਾਨ ਸ੍ਰੀਮਤੀ ਰੀਟਾ ਸ਼ਰਮਾ ਨੇ ਕਿਹਾ ਕਿ ਅੱਜ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਤੇ ਉਹ ਹਰੇਕ ਪੱਧਰ ‘ਤੇ ਮੱਲ੍ਹਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਮੁੰਡਿਆਂ ਵਾਂਗ ਅੱਗੇ ਵਧਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਕਲੱਬ ਦੀ ਸਕੱਤਰ ਮੈਡਮ ਰਮਨੀਤ ਕੌਰ ਨੇ ਇਸ ਮੌਕੇ ਕੁੜੀਆਂ ਨਾਲ ਪੱਖਪਾਤੀ ਵਤੀਰੇ ਤੋਂ ਸਮਾਜ ਅਤੇ ਪਰਿਵਾਰਾਂ ਨੂੰ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੇਟੀਆਂ ਨਾਲ ਹੀ ਇਹ ਸੰਸਾਰ ਚੱਲਦਾ ਹੈ। ਸਕੂਲ ਦੇ ਪ੍ਰਿੰਸੀਪਲ ਮੈਡਮ ਨੀਨਾ ਬੱਤਰਾ ਨੇ ਸਮਾਜ ਵਿਚ ਫੈਲੀ ਭਰੂਣ ਹੱਤਿਆ ਜਿਹੀ ਕੁਰੀਤੀ ਖਿਲਾਫ਼ ਡਟਣ ਅਤੇ ਲੜਕੀਆਂ ਦੇ ਜਨਮ ‘ਤੇ ਖੁਸ਼ੀ ਮਨਾਉਣ ਲਈ ਕਿਹਾ। ਇਸ ਮੌਕੇ ਸਮਾਜ ਸੇਵਕਾ ਪ੍ਰੀਤੀ ਸਚਦੇਵਾ ਤੋਂ ਇਲਾਵਾ ਹੋਰ ਇਸ ਮੌਕੇ ਬੱਚੀਆਂ ਨੂੰ ਟੈਡੀ ਬੀਅਰ, ਲੰਚ ਬਾਕਸ, ਪੈਂਸਿਲ ਬਾਕਸ ਆਦਿ ਤੋਹਫ਼ੇ ਵੀ ਵੰਡੇ ਗਏ।
Punjab Post Daily Online Newspaper & Print Media