ਅੰਮ੍ਰਿਤਸਰ, 28 ਮਾਰਚ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਅੰਗਰੇਜ਼ੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਵਿਸ਼ੇ ‘ਤੇ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਯੂਨੀਵਰਸਿਟੀ ਦੇ ਬਾਬਾ ਬੁੱਢਾ ਕਾਲਜ ਭਵਨ ਵਿਖੇ ਸੰਪੰਨ ਹੋਇਆ। ਇਸ ਸੈਮੀਨਾਰ ਵਿਚ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਤੋਂ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ।
ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੋਸ਼ਿਆਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਐਚ.ਐਸ. ਭੱਟੀ ਨੇ ਕੀਤੀ। ਉਨ੍ਹਾਂ ਕਿਹਾ ਕਿ ਭਾਸ਼ਾ ਵਿਗਿਆਨੀਆਂ ਨੂੰ ਭਾਸ਼ਾ ਪ੍ਰਤੀ ਨੌਜੁਆਨ ਪੀੜ੍ਹੀ ਨੂੰ ਆਕਰਸ਼ਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਆਪਣੀ ਮਾਤ ਭਾਸ਼ਾ ਉਪਰ ਗਰਵ ਮਹਿਸੂਸ ਕਰ ਸਕਣ। ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜ਼ ਦੇ ਸਾਬਕਾ ਡਾਇਰੈਕਟਰ, ਪ੍ਰੋ. ਓ.ਐਨ. ਕੌਲ ਨੇ ਸਮਾਪਤੀ ਭਾਸ਼ਣ ਵਿਚ ਕਿਹਾ ਕਿ ਆਪਣੀ ਭਾਸ਼ਾ ਨੂੰ ਅਣਗੌਲਿਆਂ ਕਰਕੇ ਕਿਸੇ ਵੀ ਨਵੀਂ ਭਾਸ਼ਾ ਨੂੰ ਸਿੱਖਣਾ ਬਹੁਤ ਮੰਦਭਾਗਾ ਅਤੇ ਨੁਕਸਾਨਦਾਇਕ ਹੈ। ਸਾਨੂੰ ਬਹੁਭਾਸ਼ੀ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਨਵੀਆਂ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਆਪਣੀ ਭਾਸ਼ਾ ਨੂੰ ਨਹੀਂ ਵਿਸਾਰਨਾ ਚਾਹੀਦਾ। ਭਾਸ਼ਾ ਵਿਗਿਆਨੀਆਂ ਦੇ ਇਹ ਰਾਇ ਸੀ ਕਿ ਭਾਸ਼ਾ ਨੂੰ ਖਤਮ ਹੋਣ ਤੋਂ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਮਨੁੱਖ ਭਾਸ਼ਾਈ ਵਿਭਿੰਨਤਾ ਅਤੇ ਜੈਵਿਕ ਵਿਭਿੰਨਤਾ ਵਿਚ ਭਾਸ਼ਾ ਜ਼ਰੀਏ ਤਾਲਮੇਲ ਬਿਠਾ ਸਕਣ। ਮਾਹਿਰਾਂ ਨੇ ਇਹ ਵੀ ਕਿਹਾ ਕਿ ਭਾਸ਼ਾ ਮਨੁੱਖ ਲਈ ਓਨੀ ਜ਼ਰੂਰੀ ਹੈ ਜਿੰਨਾ ਕਿ ਖਾਣ-ਪੀਣ ਅਤੇ ਰਹਿਣ-ਸਹਿਣ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਯੁਗ ਵਿਚ ਹਾਵੀ ਹੋ ਚੁੱਕੀਆਂ ਭਾਸ਼ਾਵਾਂ ਜ਼ਰੀਏ ਖਤਮ ਹੋਣ ਦੇ ਕੰਢੇ ਤੇ ਪੁੱਜੀਆਂ ਭਾਸ਼ਾਵਾਂ ਬਾਰੇ ਗੱਲ ਕਰਨ ਦੀ ਲੋੜ ਹੈ। ਉਨ੍ਹਾਂ ਦੀ ਇਹ ਵੀ ਰਾਇ ਸੀ ਕਿ ਹਰ ਭਾਸ਼ਾ ਅਤੇ ਖਾਣ-ਪੀਣ ਆਪਣੀ-ਆਪਣੀ ਠੀਕ ਹਨ ਪਰ ਇਨ੍ਹਾਂ ਵਿਚਲੇ ਚੰਗੇ-ਮੰਦੇ ਗੁਣਾਂ ਦਾ ਮੁਕਾਬਲਾ ਕਰਕੇ ਇਕ ਦੂਜੇ ਨੂੰ ਨੀਵਾਂ ਦਿਖਾਉਣਾ ਠੀਕ ਨਹੀਂ। ਹਰ ਭਾਸ਼ਾ ਦਾ ਆਪਣਾ-ਆਪਣਾ ਅਸਤਿਤਵ ਅਤੇ ਆਪਣੀ ਇਲਾਕਾਈ ਪਛਾਣ ਹੈ ਅਤੇ ਉਸ ਦੀ ਸ਼ਕਤੀ ਉਸ ਦੀ ਵਰਤੋਂ ਅਤੇ ਵਿਸਥਾਰ ਨਾਲ ਹੀ ਪਤਾ ਲਗਦੀ ਹੈ। ਇਸ ਤੋਂ ਪਹਿਲਾਂ ਸੈਮੀਨਾਰ ਡਾਇਰੈਕਟਰ, ਡਾ. ਸੁਖਦੇਵ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਗਾਗਤ ਕੀਤਾ। ਸੈਮੀਨਾਰ ਦੇ ਕਨਵੀਨਰ ਡਾ. ਯੂਬੀ ਗਿੱਲ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਵਿਚਾਰ ਪੇਸ਼ ਕੀਤੇ ਅਤੇ ਵਿਭਾਗ ਦੇ ਮੁਖੀ, ਡਾ. ਹਰਬੀਰ ਸਿੰਘ ਮਣਕੂ ਕੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media