Friday, July 5, 2024

ਦਗਾ ਕਮਾਉਣ ਵਾਲਾ ਕੇਜਰੀਵਾਲ ਹੁਣ ਕਿਹੜਾ ਮੂੰਹ ਲੈ ਕੇ ਪੰਜਾਬ ਆਵੇਗਾ – ਮਜੀਠੀਆ

Majithiaਮਜੀਠਾ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਦਰਿਆਈ ਪਾਣੀਆਂ ਸੰਬੰਧੀ ਚਲ ਰਹੇ ਕੇਸ ਦੌਰਾਨ ਪੰਜਾਬ ਦਾ ਵਾਰ ਵਾਰ ਵਿਰੋਧ ਕਰਕੇ ਦਗਾ ਕਮਾਉਣ ਵਾਲਾ ਕੇਜਰੀਵਾਲ ਹੁਣ ਕਿਹੜਾ ਮੂੰਹ ਲੈ ਕੇ ਪੰਜਾਬ ਆਵੇਗਾ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਸ਼ਾਮਨਗਰ ਅਤੇ ਲੁਧਰ ਵਿਖੇ ਵਿਕਾਸ ਕਾਰਜਾਂ ਲਈ 1.7 ਕਰੋੜ ਰੁਪੈ ਗਰਾਂਟ ਦੇਣ ਆਏ ਸਨ, ਨੇ ਕਿਹਾ ਕਿ ਕੇਜਰੀਵਾਲ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ,ਪਰ ਉਹ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਣ ਦੀ ਗਲਤੀ ਵੀ ਨਾ ਕਰੇ। ਉਹਨਾਂ ਕਿਹਾ ਕਿ ਐਸ ਵਾਈ ਐਲ ਮੁੱਦੇ ‘ਤੇ ਪੰਜਾਬ ਆ ਕੇ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਉਣ ਵਾਲਾ ਕੇਜਰੀਵਾਲ ਅਸਲ ਵਿੱਚ ਮੌਕਾਪ੍ਰਸਤੀ ਤੇ ਸੌੜੀ ਰਾਜਨੀਤੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਐਸ ਵਾਈ ਐਲ ਪੰਜਾਬੀਆਂ ਲਈ ਸਿਰਫ਼ ਸਿਆਸੀ ਜਾਂ ਕਾਨੂੰਨੀ ਮੁੱਦਾ ਨਹੀਂ ਹੈ ਸਗੋਂ ਇਹ ਪੰਜਾਬ ਦੀ ਸ਼ਾਹ ਰਗ ਹੈ, ਜਿਸ ਨੂੰ ਬੇਹਦ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਦਾ ਇੱਕ ਬੂੰਦ ਵੀ ਨਹੀਂ ਹੈ ਕਿ ਦੂਜੇ ਰਾਜਾਂ ਨੂੰ ਦਿੱਤਾ ਜਾ ਸਕੇ।ਉਹਨਾਂ ਕਿਹਾ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਪੰਜਾਬ ਵਿਰੋਧੀ ਫੈਸਲਿਆਂ ਰਾਹੀਂ ਪੰਜਾਬ ਨੂੰ ਆਪਣੇ ਹੱਕਾਂ ਤੋਂ ਵਾਂਝਾ ਰੱਖਿਆ।ਪੰਜਾਬ ਨਹਿਰੀ ਪਾਣੀ ਦੀ ਪਹਿਲਾਂ ਹੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਾਣੀ ਦੀ ਪੂਰਤੀ ਲਈ ਟਿਊਬਲਵੈਲਾਂ ਦੀ ਵਰਤੋਂ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤਕ ਡਿਗ ਚੁਕਾ ਹੈ।ਅਜਿਹੇ ਵਿੱਚ ਰਾਇਪੇਰੀਅਨ ਸਿਧਾਂਤ ਦੇ ਉਲਟ ਪਾਣੀਆਂ ਦਾ ਕੋਈ ਫੈਸਲਾ ਆਉਂਦਾ ਹੈ ਤਾਂ ਸੂਬੇ ਦੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਦਿਲੀ ਦੇ ਗੁਰੂ ਘਰ ਅੱਗੋਂ ਪਿਆਊ ਨੂੰ ਢਾਹੁਣ ਵਾਲੇ ਅਤੇ ਆਪਣੀ ਵਜ਼ਾਰਤ ਵਿੱਚ ਕਿਸੇ ਵੀ ਸਿੱਖ ਨੂੰ ਨੁਮਾਇੰਦਗੀ ਨਾ ਦੇਣ ਵਾਲੇ ਕੇਜਰੀਵਾਲ ਤੋਂ ਪੰਜਾਬੀ ਕੀ ਆਸ ਰਖ ਸਕਦੇ ਹਨ।ਸ: ਮਜੀਠੀਆ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਗੁਰੂ ਘਰ ਦੇ ਪਿਆਉ ਨਸ਼ਟ ਕਰਨ ਬਾਰੇ ਕੇਜਰੀਵਾਲ ਸਰਕਾਰ ਦੀ ਭੂਮਿਕਾ ਪ੍ਰਤੀ ਜਗਜਾਹਿਰ ‘ਤੇ ਬੁਖਲਾਏ ਆਪ ਆਗੂ ਮੀਡੀਆ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ 9 ਸਾਲਾਂ ਦੌਰਾਨ ਰਾਜ ਦੇ ਵਿਕਾਸ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਜਦ ਕਿ ਕੇਜਰੀਵਾਲ ਇਸ਼ਤਿਹਾਰਬਾਜ਼ੀ ਨਾਲ ਫੋਕੀਆਂ ਗਲ ਵਿੱਚ ਮਗਨ ਹਨ ਅਤੇ ਦਿਲੀ ਦੇ ਵਿਕਾਸ ਲਈ ਕੇਂਦਰੀ ਫੰਡ ਦੇ 3 ਹਜ਼ਾਰ ਕਰੋੜ ਤੋਂ ਵਧ ਰਾਸ਼ੀ ਖਰਚ ਕਰਨ ਵਿੱਚ ਨਾਕਾਮ ਰਹੇ। ਸ: ਮਜੀਠੀਆ ਨੇ ਅੱਜ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉਹਨਾਂ ਨਾਲ ਤਲਬੀਰ ਗਿੱਲ, ਮੇਜਰ ਸ਼ਿਵੀ, ਯੋਧ ਸਿੰਘ ਸਮਰਾ, ਬੱਬੀ ਭੰਗਵਾਂ, ਸਰਬਜੀਤ ਸਪਾਰੀਵਿੰਡ, ਗੁਰਪ੍ਰੀਤ ਰੰਧਾਵਾ, ਪ੍ਰੋ: ਸਰਚਾਂਦ ਸਿੰਘ, ਬਲਰਾਜ ਸਿੰਘ ਔਲਖ, ਸਰਪੰਚ ਬੀਬੀ ਬਲਜੀਤ ਕੌਰ ਸ਼ਾਮਨਗਰ, ਮਲਕੀਤ ਸਿੰਘ, ਸਰਪੰਚ ਸੁਖਜੀਤ ਸਿੰਘ ਲੁਧੜ, ਡਾ: ਦਿਦਾਰ ਸਿੰਘ,ਨੰਬਰਦਾਰ ਗੁਰਭੇਜ ਸਿੰਘ , ਕਿਰਪਾਲ ਸਿੰਘ ਸਰਦੂਲ ਸਿੰਘ, ਸਰਦੂਲ ਸਿੰਘ, ਡਾ: ਸੁਖਦੇਵ ਸਿੰਘ, ਸੰਤੋਖ ਸਿੰਘ, ਸੁਨੀਲ ਮਟੂ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਹਰਭੇਜ ਸਿੰਘ, ਤਰਲੋਕ ਸਿੰਘ, ਬਹਾਦਰ ਸਿੰਘ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਆਦਿ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply