Thursday, April 30, 2026

ਖਾਲਸਾ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰਿਆਂ ਨੇ ਬਿਖੇਰੀ ‘ਵਿਸਾਖੀ ਦੀ ਖ਼ੁਸ਼ਬੂ’

PPN1204201621

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਵਿੱਦਿਅਕ ਅਦਾਰਿਆਂ ਵਿੱਚ ਅੱਜ ਵਿਸਾਖੀ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਤਿਹਾਸਕ ਖਾਲਸਾ ਕਾਲਜ ਵਿਖੇ ਪੰਜਾਬ ਦੀ ਸੱਭਿਆਚਾਰ ਦੇ ਰੀਤੀ-ਰਿਵਾਜਾਂ ਦੀ ਖ਼ੁਸ਼ਬੂ ਨੂੰ ਬਿਖੇਰਦਿਆ ਤੇ ਉਨ੍ਹਾਂ ਸੁਨਿਹਰੀ ਪਲਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਂਦਿਆ ਕਾਲਜ ਦੇ ਖੁੱਲ੍ਹੇ ਮੈਦਾਨ ਵਿੱਚ ਵਿਸਾਖੀ ਦੇ ਤਿਉਹਾਰ ਸਬੰਧੀ ‘ਵਿਸਾਖੀ ਮੇਲਾ-2016’ ਦਾ ਆਯੋਜਨ ਕੀਤਾ ਗਿਆ। ਜਿਸ ਦਾ ਆਨੰਦ ਮਾਣਦਾ ਹੋਇਆ ਸਮੂੰਹ ਕਾਲਜ ਆਪਣੇ ਵਿਰਸੇ ਨਾਲ ਦੀਆਂ ਮਿੱਠੀਆਂ ਯਾਦਾਂ ਦੇ ਖਿਆਲਾਂ ਵਿੱਚ ਝੂਮਦਾ ਹੋਇਆ ਨਜ਼ਰੀ ਆਇਆ। ਇਸ ਮੌਕੇ ਵਿਦਿਆਰਥੀਆਂ ਲਈ ਟਾਂਗਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਹੈ, ਜਿਸ ‘ਤੇ ਸਟਾਫ਼ ਤੋਂ ਇਲਾਵਾ ਵਿਦਿਆਰਥੀਆਂ ਨੇ ਸਵਾਰੀ ਕਰਕੇ ਮੇਲੇ ਦਾ ਆਨੰਦ ਮਾਣਿਆ। ਮੇਲੇ ਵਿੱਚ ਪੁਰਾਤਨ ਵਿਰਸੇ ਤੇ ਸੱਭਿਅਤਾ ਦੀ ਮਨਮੋਹਕ ਝਲਕ ਨਜ਼ਰ ਆਈ।  ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਾਲਜ ਦੇ ਕਿਕ੍ਰੇਟ ਮੈਦਾਨ ਵਿੱਚ ਲਗਾਏ ਗਏ ਮੇਲਾ ਵਿੱਚ ਵੱਖ-ਵੱਖ ਤਰ੍ਹਾਂ ਝੂਟਿਆਂ ਦਾ ਆਨੰਦ ਮਾਣਦੇ ਹੋਏ ਵਿਦਿਆਰਥੀਆਂ ਨੇ ਖਿੜਖਿੜਾਉਂਦੇ ਚਿਹਰਿਆਂ ਨਾਲ ਇਕ ਦੂਜੇ ‘ਤੇ ਹਾਸਰਸ ਵਿਅੰਗ ਕੱਸਣ, ਝਰਖਾ ਕੱਤਣ, ਫੁਲਕਾਰੀ ਕੱਢਦੀਆਂ ਮੁਟਿਆਰਾਂ, ਪੰਜਾਬੀ ਗਾਇਕੀ, ਗਿੱਧਾ-ਬੋਲੀਆਂ, ਡਾਂਸ ਆਦਿ ਨੇ ਮਾਹੌਲ ਨੂੰ ਦਿਲਕਸ਼ ਬਣਾ ਦਿੱਤਾ।
ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੇਲੇ ਸਬੰਧੀ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਮੇਲਿਆਂ ਨੂੰ ਮਨਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਵੱਧਦੀ ਮਹਿੰਗਾਈ ਤੇ ਆਧੁਨਿਕ ਯੁੱਗ ਦੀ ਰਫ਼ਤਾਰ ਨੇ ਇਨ੍ਹਾਂ ਮੇਲਿਆਂ ਨੂੰ ਆਲੋਪ ਕਰਕੇ ਰੱਖ ਦਿੱਤਾ ਹੈ, ਜਿਸ ਨਾਲ ਅੱਜ ਦੀ ਪੀੜ੍ਹੀ ਸਾਡੇ ਰੀਤੀ-ਰਿਵਾਜਾਂ ਤੇ ਸੱਭਿਅਤਾ ਤੋਂ ਅਨਜਾਨ ਹੈ, ਜੋ ਕਿ ਸਾਡੇ ਪੰਜਾਬੀ ਵਿਰਸੇ ਦੇ ਖ਼ਤਮ ਹੋਣ ਦੇ ਸੰਕੇਤ ਹਨ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਣ ਰੱਖਣ ਲਈ ਸਮੇਂ-ਸਮੇਂ ‘ਤੇ ਅਜਿਹੇ ਤਿਉਹਾਰ ਤੇ ਮੇਲੇ ਜਰੂਰ ਮਨਾਉਣੇ ਚਾਹੀਦੇ ਹਨ, ਜਿਸ ਨਾਲ ਇਨਸਾਨ ਆਪਣੀ ਚਿੰਤਾ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਂਦਾ ਮਹਿਸੂਸ ਕਰਦਾ ਹੈ।
ਉਨ੍ਹਾਂ ਸਮੂੰਹ ਸਮਾਜ ਸੇਵੀ ਸੰਸਥਾਵਾਂ, ਵਿੱਿਦਅਕ ਅਦਾਰਿਆਂ ਅਤੇ ਪੰਜਾਬੀ ਵਿਰਸੇ ਦੇ ਪ੍ਰੇਮੀਆਂ ਨੂੰ ਅਪੀਲ ਕਰਦਿਆ ਕਿਹਾ ਅਜਿਹੇ ਤਿਉਹਾਰਾਂ ਨੂੰ ਜਿਉਂਦੇ ਰੱਖਣ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਸਾਡਾ ਵਿਰਸਾ ਤੇ ਮਾਂ ਬੋਲੀ ਲੁਪਤ ਨਾ ਹੋ ਸਕੇ। ਇਸ ਮੌਕੇ ਪੰਘੂੜੇ, ਵੱਖ-ਵੱਖ ਪਕਵਾਨਾਂ, ਸਟੇਸ਼ਨਰੀ, ਮੁਨਿਆਰੀ ਅਤੇ ਸਾਜੋ-ਸਮਾਨ ਆਦਿ ਦੇ ਸਟਾਲ ਵੀ ਲਗਾਏ, ਜਿਨ੍ਹਾਂ ਦਾ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਖ਼ੂਬ ਆਨੰਦ ਮਾਣਿਆ। ਤਿਉਹਾਰ ਮੌਕੇ ਵਿਦਿਆਰਥੀਆਂ ਨੇ ਭੰਗੜਾ-ਗਿੱਧਾ ਵੀ ਪਾਇਆ ਅਤੇ ਫਸਲ ਦੇ ਪੱਕਣ ਦੀ ਖੁਸ਼ੀ ਨੂੰ ਸਾਂਝਾ ਕੀਤਾ। ਇਸੇ ਤਰ੍ਹਾਂ ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੰਬੋਜ ਦੇ ਸਹਿਯੋਗ ਨਾਲ ਕ੍ਰਮਵਾਰ ਵਿਸਾਖੀ ਦਾ ਮੇਲਾ ਮਨਾਇਆ ਗਿਆ। ਜਿਸ ਵਿੱਚ ਪੁਰਾਤਨ ਸੱਭਿਅਤਾ ਨਾਲ ਸਬੰਧਿਤ ਲੋਕ ਨਾਚ ਤੇ ਪਹਿਰਾਵੇ ਖਿੱਚ ਦਾ ਕੇਂਦਰ ਰਹੇ। ਖ਼ਾਲਸਾ ਕਾਲਜ ਮੇਲੇ ਵਿੱਚ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਐੱਨ. ਕੇ. ਸ਼ਰਮਾ, ਪ੍ਰੋ: ਸੁਖਬੀਰ ਸਿੰਘ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਦੇਵ ਸਿੰਘ, ਪ੍ਰੋ: ਅਮਨਦੀਪ ਸਿੰਘ, ਡਾ. ਦਲਜੀਤ ਸਿੰਘ, ਪ੍ਰੋ: ਕੰਵਲਜੀਤ ਸਿੰਘ ਸਮੂੰਹ ਕਾਲਜ ਸਟਾਫ਼ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply