ਅੰਮ੍ਰਿਤਸਰ, 12 ਅਪ੍ਰੈਲ (ਗੁਰਪ੍ਰੀਤ ਸਿੰਘ)- ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ (ਪਾਕਿਸਤਾਨ) ਵਿਖੇ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਸ. ਰਘਬੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼ੋ੍ਰਮਣੀ ਕਮੇਟੀ ਪਾਰਟੀ ਲੀਡਰ ਤੇ ਸ. ਹਰਦੇਵ ਸਿੰਘ ਰੋਗਲਾ ਮੈਂਬਰ ਸ਼ੋ੍ਰਮਣੀ ਕਮੇਟੀ ਡਿਪਟੀ ਪਾਰਟੀ ਲੀਡਰ ਦੀ ਅਗਵਾਈ ਵਿੱਚ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਫੁੱਲਾਂ ਦੇ ਸਿਹਰੇ ‘ਤੇ ਸਿਰੋਪਾਓ ਪਾ ਕੇ ਸ. ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੇ ਜੈਕਾਰਿਆਂ ਦੀ ਗੂੰਜ ਨਾਲ ਜਥੇ ਨੂੰ ਰਵਾਨਾ ਕੀਤਾ।ਇਸ ਜਥੇ ਵਿੱਚ ਡਾ. ਗੁਰਬਚਨ ਸਿੰਘ ਬਚਨ ਸਾਬਕਾ ਸਕੱਤਰ ਸ਼ੋ੍ਰਮਣੀ ਕਮੇਟੀ ਤੇ ਸ. ਗੁਰਵਿੰਦਰਪਾਲ ਸਿੰਘ ਠਰੂ ਇੰਚਾਰਜ ਸਪੋਰਟਸ ਪ੍ਰਬੰਧਕ ਦੇ ਤੌਰ ਤੇ ਸ਼ਾਮਲ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਤੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਜਥੇ ਦੀ ਅਗਵਾਈ ਕਰ ਰਹੇ ਸ. ਰਘਬੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼ੋ੍ਰਮਣੀ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵੱਡਭਾਗੇ ਸਮਝਦੇ ਹਨ ਕਿ ਦੇਸ਼ ਦੀ ਵੰਡ ਸਮੇਂ ਜਿਹੜੇ ਗੁਰਧਾਮ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਰਹਿ ਗਏ ਹਨ ਉਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਲਈ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਜਥਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪੁੱਜੇਗਾ।ਉਨ੍ਹਾਂ ਕਿਹਾ ਕਿ ਖ਼ਾਲਸੇ ਦੇ ਜਨਮ ਦਿਹਾੜੇ ਸਬੰਧੀ 12 ਅਪ੍ਰੈਲ ਤੋਂ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 14 ਅਪੈ੍ਰਲ ਨੂੰ ਪਾਏ ਜਾਣਗੇ।ਉਨ੍ਹਾਂ ਕਿਹਾ ਕਿ 15 ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾਵੇਗਾ ਜੋ 16 ਅਪ੍ਰੈਲ ਨੂੰ ਇਸੇ ਅਸਥਾਨ ਪੁਰ ਰਾਤ ਵਿਸ਼ਰਾਮ ਕਰੇਗਾ।17 ਅਪ੍ਰੈਲ ਨੂੰ ਇਹ ਜਥਾ ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ) ਲਈ ਰਵਾਨਾ ਹੋਵੇਗਾ ਇਥੋਂ ਵਾਪਸ ਨਨਕਾਣਾ ਸਾਹਿਬ ਆਵੇਗਾ ਜਿਥੋਂ 18 ਅਪ੍ਰੈਲ ਨੂੰ ਜਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਾਵੇਗਾ।ਉਨ੍ਹਾਂ ਦੱਸਿਆ ਕਿ 19 ਅਪੈ੍ਰਲ ਨੂੰ ਇਹ ਜਥਾ ਗੁਰਦੁਆਰਾ ਰੌੜੀ ਸਾਹਿਬ ਏਮਨਾਬਾਦ ਜ਼ਿਲ੍ਹਾ ਗੁਜ਼ਰਾਵਾਲਾ ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਜਾਵੇਗਾ ਜਿਥੋਂ ਵਾਪਸ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਆਵੇਗਾ।20 ਅਪ੍ਰੈਲ ਨੂੰ ਇਸ ਅਸਥਾਨ ਪੁਰ ਰਹਿਣ ਉਪਰੰਤ 21 ਅਪ੍ਰੈਲ ਨੂੰ ਜਥਾ ਵਾਹਗਾ ਅਟਾਰੀ ਰਾਹੀਂ ਭਾਰਤ ਵਾਪਸ ਪਰਤੇਗਾ।ਉਨ੍ਹਾਂ ਕਿਹਾ ਕਿ ਇਸ ਵਾਰ ਕੇਂਦਰ ਤੇ ਪਾਕਿਸਤਾਨ ਸਫਾਰਤਖਾਨੇ ਨੂੰ 894 ਯਾਤਰੂਆਂ ਦੇ ਵੀਜ਼ੇ ਲੱਗਣ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 60 ਯਾਤਰੂਆਂ ਦੇ ਵੀਜ਼ੇ ਕੱਟੇ ਗਏ ਹਨ ਤੇ 834 ਯਾਤਰੂਆਂ ਦੇ ਵੀਜ਼ੇ ਲੱਗੇ ਹਨ।ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵੀਜ਼ਾ ਪ੍ਰਣਾਲੀ ਨੂੰ ਸਰਲ ਕਰਨ ਕਿਉਂਕਿ ਜਦੋਂ ਕਿਸੇ ਯਾਤਰੂ ਦਾ ਵੀਜ਼ਾ ਨਹੀਂ ਲੱਗਦਾ ਤਾਂ ਉਸ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ।
ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੁਰਾਤਨ ਸਮੇਂ ਤੋਂ ਹੀ ਵਿਸਾਖੀ ਦਾ ਤਿਉਹਾਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਉੇਨ੍ਹਾਂ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਸਿੱਖ ਗੁਰਧਾਮਾਂ ਨਾਲ ਯਾਤਰੂਆਂ ਦੀ ਆਸਥਾ ਬੱਝੀ ਹੋਈ ਹੈ, ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਯਾਤਰਾ ਸਬੰਧੀ ਭੇਜੇ ਜਾਂਦੇ ਵੱਧ ਤੋਂ ਵੱਧ ਨਾਵਾਂ ਨੂੰ ਵੀਜ਼ੇ ਜਾਰੀ ਕੀਤੇ ਜਾਣੇ ਚਾਹੀਦੇ ਹਨ।
ਇਸ ਸਮੇਂ ਡਾ. ਰੂਪ ਸਿੰਘ ਸਕੱਤਰ, ਸ. ਰਣਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਬਿਜੈ ਸਿੰਘ ਐਡੀਸ਼ਨਲ ਸਕੱਤਰ, ਸ. ਮਹਿੰਦਰ ਸਿੰਘ ਭਿੰਡੀ, ਸ. ਸਿਮਰਜੀਤ ਸਿੰਘ ਕੰਗ, ਸ. ਗੁਰਮੀਤ ਸਿੰਘ ਬੁੱਟਰ ਤੇ ਸ. ਕੁਲਵਿੰਦਰ ਸਿੰਘ ਮੀਤ ਸਕੱਤਰ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸਫ਼ਸੁਪ੍ਰਿੰਟੈਂਡੈਂਟ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਕਰਮਬੀਰ ਸਿੰਘ ਤੇ ਸ. ਕਰਨਜੀਤ ਸਿੰਘ ਇੰਚਾਰਜ, ਸ. ਜਤਿੰਦਰ ਸਿੰਘ ਮੈਨੇਜਰ ਸ੍ਰੀ ਗੁਰੂ ਰਾਮਦਾਸ ਲੰਗਰ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀ ਮੌਜੂਦ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media