Friday, March 20, 2026

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕਾਮਾਗਾਟਾਮਾਰੂ ਦੁਖਾਂਤ ‘ਤੇ ਮੁਆਫ਼ੀ ਮੰਗਣ ਦਾ ਐਲਾਨ ਸ਼ਲਾਘਾਯੋਗ – ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 12 ਅਪ੍ਰੈਲ (ਗੁਰਪ੍ਰੀਤ ਸਿੰਘ)- ਕੈਨੇਡੀਅਨ ਸੰਸਦ ਦੇ ਸੈਂਟਰ ਬਲਾਕ ਵਿੱਚ ਖ਼ਾਲਸੇ ਦਾ ਸਿਰਜਨਾ ਦਿਹਾੜਾ (ਵਿਸਾਖੀ) ਮਨਾਉਣ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਦੁਖਾਂਤ ਸਬੰਧੀ ਹਾਊਸ ਆਫ ਕਾਮਨਜ਼ ਵਿੱਚ ਮੁਆਫ਼ੀ ਮੰਗਣ ਦਾ ਐਲਾਨ ਕਰਨਾ ਸਵਾਗਤਯੋਗ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ 1914 ਵਿੱਚ ਕੈਨੇਡਾ ਸਰਕਾਰ ਨੇ ਨਵਾਂ ਕਾਨੂੰਨ ਪਾਸ ਕਰਦਿਆਂ ਫੈਸਲਾ ਕੀਤਾ ਸੀ ਕਿ ਸਿਰਫ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਭਾਈ ਗੁਰਦਿੱਤ ਸਿੰਘ ਨੇ ਜਾਪਾਨੀ ਕੰਪਨੀ ਤੋਂ ਕਾਮਾਗਾਟਾਮਾਰੂ ਨਾਮਕ ਜਹਾਜ਼ ਕਿਰਾਏ ਤੇ ਲਿਆ ਜਿਸ ਵਿੱਚ ਕੁਲ 376 ਮੁਸਾਫਿਰ ਸਵਾਰ ਸਨ ਜਿਨ੍ਹਾਂ ਵਿਚੋਂ 340 ਦੇ ਕਰੀਬ ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਨ।ਉਨ੍ਹਾਂ ਕਿਹਾ ਕਿ ਇਸ ਜਹਾਜ਼ ਰਾਹੀਂ ਇਨ੍ਹਾਂ ਮੁਸਾਫਿਰਾਂ ਨੂੰ ਵੈਨਕੂਵਰ ਤੇ ਬ੍ਰਿਟਿਸ਼ ਕੋਲੰਬੀਆ ਦੇ ਰਸਤੇ ਕੈਨੇਡਾ ਲੈ ਜਾਇਆ ਜਾਣਾ ਸੀ, ਪਰ ਸਮੇਂ ਦੀ ਸਰਕਾਰ ਨੇ ਅਜਿਹਾ ਨਾ ਹੋਣ ਦਿੱਤਾ ਤੇ ਸਰਕਾਰੀ ਕਾਰਵਾਈ ਵਿੱਚ 15 ਮੁਸਾਫਿਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਤੇ ਕਈਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਅਤੇ ਜਹਾਜ਼ ਨੂੰ ਵੀ ਵਾਪਸ ਕਲੱਕਤੇ ਮੁੜਣਾ ਪਿਆ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਜਿਸ ਸਰਕਾਰ ਨੇ ਇਸ ਨਿੰਦਣਯੋਗ ਕਾਰਵਾਈ ਨੂੰ ਅੰਜ਼ਾਮ ਦਿੱਤਾ ਅੱਜ ਉਸ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖਾਂ ਨਾਲ ਵਾਪਰੇ ਵੱਡੇ ਦੁਖਾਂਤ ਲਈ ਹਾਊਸ ਆਫ ਕਾਮਨਜ਼ ਵਿੱਚ ਮੁਆਫੀ ਮੰਗਣ ਦਾ ਐਲਾਨ ਕਰਨਾ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਮੇਸ਼ਾ ਸਿੱਖ ਹਿਰਦਿਆਂ ਵਿੱਚ ਸਤਿਕਾਰਤ ਹਸਤੀ ਵਜੋਂ ਬਿਰਾਜਮਾਨ ਰਹਿਣਗੇ।ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਖਾਲਸਾ ਸਾਜਨਾ ਦਿਵਸ (ਵਿਸਾਖੀ) ਬੜੀ ਧੂਮਧਾਮ ਨਾਲ ਮਨਾਉਣ ਲਈ ਵੀ ਤਹਿ ਦਿਲੋਂ ਧੰਨਵਾਦ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply