Friday, March 20, 2026

ਜੀ.ਕੇ ਨੇ ਗੁਰੂ ਘਰ ਆਉਣ ਵੇਲੇ ਬੱਚਿਆਂ ਨੂੰ ਰਵਾਇਤੀ ਰਸਮਾਂ ਦਾ ਪਾਲਣ ਕਰਨ ਦਾ ਦਿੱਤਾ ਸੱਦਾ

ਦਿੱਲੀ ਦੇ ਖਾਲਸਾ ਕਾਲਜਾਂ ‘ਚ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਹੋਣਗੀਆਂ ਰਾਖਵੀਆਂ – ਸਿਰਸਾ

PPN1304201614

PPN1304201615

ਨਵੀਂ ਦਿੱਲੀ, 13 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 4 ਕਾਲਜਾਂ ਵਿੱਚ ਇਸ ਵਰ੍ਹੇ ਤੋਂ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀਆਂ ਹੋਣਗੀਆਂ। ਇਹ ਐਲਾਨ ਅੱਜ ਕਮੇਟੀ ਪ੍ਰਬੰਧਕਾਂ ਨੇ ਕਮੇਟੀ ਵੱਲੋਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਕੀਤਾ। ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਤਿਆਗੀ ਦਾ ਦਿੱਲੀ ਕਮੇਟੀ ਵੱਲੋਂ ਸਨਮਾਨ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਹ ਜਾਣਕਾਰੀ ਸੰਗਤਾਂ ਨੂੰ ਦਿੱਤੀ।
ਜੀ.ਕੇ. ਨੇ ਅਕਾਲ ਪ੍ਰਭਾਵਿਤ ਮਹਾਰਾਸ਼ਟਰ ਦੇ ਲਾਤੂਰ ਵਿਖੇ ਕਮੇਟੀ ਵੱਲੋਂ ਲੰਗਰ ਲਾਉਣ ਦੀ ਪ੍ਰਵਾਨਗੀ ਸੰਗਤਾਂ ਪਾਸੋਂ ਜੈਕਾਰਿਆਂ ਦੀ ਗੂੰਜ ਵਿੱਚ ਲਈ। ਜੀ.ਕੇ. ਨੇ ਖਾਲਸਾ ਸਿਰਜਨਾ ਦਿਹਾੜੇ ਦੀ ਵਧਾਈ ਸੰਗਤਾਂ ਨੂੰ ਦਿੰਦੇ ਹੋਏ ਸੰਖੇਪ ਇਤਿਹਾਸ ਦਾ ਵੀ ਜ਼ਿਕਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਪਵਿੱਤਰ ਦਿਹਾੜੇ ‘ਤੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਉਣ ਦੀ ਪਿਰਤ ਸ਼ੁਰੂ ਕਰਨ ਨੂੰ ਜੀ.ਕੇ. ਨੇ ਇਨਕਲਾਬੀ ਫੈਸਲਾ ਦੱਸਦੇ ਹੋਏ ਕਿਹਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਹੋਰ ਸਿੰਘਾਂ ਨੇ ਦਿੱਲੀ ਵਿੱਚ ਸ਼ਹੀਦੀਆਂ ਨਾ ਦਿੱਤੀਆਂ ਹੁੰਦੀਆਂ ਤਾਂ ਨਾ ਅੱਜ ਤਿਰੰਗ ਝੰਡਾ ਹੁੰਦਾ ਤੇ ਨਾ ਹੀ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਦੇ ਤੌਰ ‘ਤੇ ਅਰਵਿੰਦ ਕੇਜਰੀਵਾਲ ਸਹੁੰ ਚੁੱਕਦੇ। ਜੀ.ਕੇ. ਨੇ ਸਮਾਗਮ ਵਿੱਚ ਹਿੱਸਾ ਲੈਣ ਬੱਚਿਆਂ ਨਾਲ ਆਏ ਮਾਪਿਆਂ ਨੂੰ ਸੁਆਲ ਕੀਤਾ ਕਿ ਅੱਜ ਸੋਚਣ ਦੀ ਲੋੜ ਹੈ ਕਿ ਅਸੀਂ ਰਵਾਇਤੀ ਤਰੀਕੇ ਨਾਲ ਮੱਥਾ ਟੇਕਣ ਤੋਂ ਬਾਅਦ ਘਰ ਕੀ ਲੈ ਕੇ ਜਾ ਰਹੇ ਹਾਂ? ਜੀ.ਕੇ. ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਮਾਪਿਆਂ ਨੂੰ ਅਪੀਲ ਕਰਦੇ ਹੋਏ ਸਿੱਖਾਂ ਨੂੰ ਸਮਾਗਮਾਂ ਵਿੱਚ ਹਿੱਸਾ ਲੈਣ ਦੌਰਾਨ ਰਵਾਇਤੀ ਰਸਮਾਂ ਦਾ ਪਾਲਣ ਕਰਨ ਦੇ ਨਾਲ ਹੀ ਬੋਧਿਕ ਤੌਰ ‘ਤੇ ਸਿੱਖ ਇਤਿਹਾਸ ਨੂੰ ਆਪਣੇ ਅੰਦਰ ਸਮਾਉਣ ਦਾ ਵੀ ਸੱਦਾ ਦਿੱਤਾ। ਜੀ.ਕੇ. ਨੇ ਕੀਰਤਨ ਦੇ ਚੱਲਦੇ ਪ੍ਰਵਾਹ ਵਿੱਚ ਹਿੱਸਾ ਲੈਣ ਦੇ ਨਾਲ ਹੀ ਮਾਂ ਬੋਲੀ ਪੰਜਾਬੀ ਦੀ ਜਾਣਕਾਰੀ, ਦਸਤਾਰ ਸਜਾਉਣੀ ਤੇ ਸ਼ਰਧਾਵੱਸ ਗੁਰਦੁਆਰੇ ਆਉਣ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣ ਦੀ ਵੀ ਬੱਚਿਆਂ ਨੂੰ ਅਪੀਲ ਕੀਤੀ।
ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਥਿਤ ਪਿਆਊ ਦੀ ਬੀਤੇ 6 ਅਪ੍ਰੈਲ ਨੂੰ ਹੋਈ ਭੰਨ-ਤੋੜ ਦੇ ਦੋਸ਼ੀਆਂ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਇਸ ਸਬੰਧੀ ਕਮੇਟੀ ਵੱਲੋਂ ਚੁੱਕੇ ਗਏ ਕਦਮਾਂ ਤੇ ਕਾਨੂੰਨੀ ਨੁਕਤਿਆਂ ਦੀ ਵੀ ਜਾਣਕਾਰੀ ਦਿੱਤੀ। ਇਸ ਮਸਲੇ ‘ਤੇ ਸੰਗਤਾਂ ਨੂੰ ਜ਼ਜਬਾਤ ਸੰਭਾਲਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਸਾਫ ਕਿਹਾ ਕਿ ਅਸੀਂ ਵੀ ਸਿੱਖ ਹਾਂ, ਇਸ ਲਈ ਕਿਸੇ ਕਮੇਟੀ ਜਾਂ ਦਲ ਦੀ ਭਾਵਨਾ ਤੋਂ ਉਪਰ ਉਠਕੇ ਨੌਵੇਂ ਪਾਤਿਸ਼ਾਹ ਦੇ ਸ਼ਹੀਦੀ ਸਥਾਨ ਦੀ ਰੱਖਿਆ ਕਰਾਂਗੇ। ਜੀ.ਕੇ. ਨੇ ਕਮੇਟੀ ਵੱਲੋਂ ਸਕੂਲਾਂ ਵਿੱਚ ਲਾਗੂ ਕੀਤੇ ਗਏ ਸਿੱਖਿਆ ਸੁਧਾਰਾਂ ਦੀ ਜਾਣਕਾਰੀ ਦਿੰਦੇ ਹੋਏ ਪੰਥ ਨੂੰ ਦੋਫਾੜ ਕਰਨ ਵਾਲਿਆਂ ਤੋਂ ਸੰਗਤਾਂ ਨੂੰ ਸਾਵਧਾਨ ਹੋਣ ਦੀ ਵੀ ਅਪੀਲ ਕੀਤੀ। ਸਿਰਸਾ ਨੇ ਕਮੇਟੀ ਦੇ 4 ਕਾਲਜਾਂ ਵਿੱਚ ਲਗਭਗ 10 ਹਜ਼ਾਰ ਬੱਚਿਆਂ ਦੇ ਪੜ੍ਹਨ ਦਾ ਦਾਅਵਾ ਕਰਦੇ ਹੋਏ ਸਿੱਖ ਬੱਚਿਆਂ ਦੀ ਉਚ ਸਿੱਖਿਆ ਪ੍ਰਾਪਤ ਕਰਨ ਦੀ ਰਾਹ ਕਮੇਟੀ ਦੇ ਯਤਨਾਂ ਸਦਕਾ ਹੁਣ ਆਸਾਨ ਹੋਣ ਦੀ ਵੀ ਗੱਲ ਕਹੀ। ਸਿਰਸਾ ਨੇ ਇਸ਼ਾਰਾ ਕੀਤਾ ਕਿ ਇਸ ਵਿਦਿਅਕ ਵਰ੍ਹੇ ਤੋਂ ਕਮੇਟੀ ਦੇ ਕਾਲਜਾਂ ਵਿੱਚ 50 ਫੀਸਦੀ ਸੀਟਾਂ ਸਿੱਖ ਬੱਚਿਆਂ ਨੂੰ ਮਿਲਣਗੀਆਂ। ਸਿਰਸਾ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਸਾਖੀ ਮਨਾਉਣ ਨੂੰ ਚੰਗਾ ਕਦਮ ਦੱਸਦੇ ਹੋਏ ਉਕਤ ਸਮਾਗਮ ਲਈ ਦਿੱਲੀ ਕਮੇਟੀ ਪਾਸੋਂ ਚੰਦੋਆ ਸਾਹਿਬ ਤੇ ਰੁਮਾਲਾ ਸਾਹਿਬ ਭੇਜਣ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਈ ਬੇਨਤੀ ਨੂੰ ਕਮੇਟੀ ਵੱਲੋਂ ਪ੍ਰਵਾਨ ਕਰਨ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸਿਰਸਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਗੁਰਦੁਆਰਾ ਸੀਸ ਗੰਜ ਸਾਹਿਬ ‘ਤੇ ਹਮਲਾ ਕਰਨ ਵਾਲੇ ਗੁਰੂ ਦੀ ਕਚਹਿਰੀ ਵਿੱਚ ਨਹੀਂ ਬਖਸ਼ੇ ਜਾਣਗੇ। ਇਸ ਮਸਲੇ ‘ਤੇ ਸਿਆਸੀ ਰੋਟੀਆਂ ਸੇਕ ਕੇ ਕੌਮ ਨੂੰ ਬਦਨਾਮ ਕਰਨ ਦਾ ਵੀ ਉਨ੍ਹਾਂ ਨੇ ਵਿਰੋਧੀ ਧਿਰਾਂ ‘ਤੇ ਦੋਸ਼ ਲਗਾਇਆ।  ਸਿਰਸਾ ਨੇ ਕਿਹਾ ਕਿ ਜੋ ਕਮੇਟੀ ਨੇ ਕੀਤਾ ਅਗਰ ਉਸ ਦੀ ਜਗ੍ਹਾ ਕੋਈ ਹੋਰ ਸਿੱਖ ਵੀ ਹੁੰਦਾ ਤਾਂ ਉਹ ਵੀ ਆਪਣੇ ਗੁਰੂ ਪਿਤਾ ਦੇ ਸਥਾਨ ਦੀ ਰੱਖਿਆ ਲਈ ਸਾਰੀਆਂ ਹੱਦਾਂ ਟੱਪਣ ਨੂੰ ਤਿਆਰ ਰਹਿੰਦਾ। ਇਸ ਭੰਨ-ਤੋੜ ਦੌਰਾਨ ਸਿੱਖ ਕੌਮ ਵਿੱਚ ਏਕਤਾ ਨਾ ਹੋਣ ਨੂੰ ਸਿਰਸਾ ਨੇ ਮੰਦਭਾਗਾ ਕਰਾਰ ਦਿੱਤਾ। ਸਿਰਸਾ ਨੇ ਵਿਸਾਖੀ ਦਿਹਾੜੇ ਮੌਕੇ ਸਰਕਾਰਾਂ ਨੂੰ ਛੁੱਟੀ ਕਰਨ ਦੀ ਵੀ ਅਪੀਲ ਕੀਤੀ। ਸਿਰਸਾ ਨੇ ਦਿੱਲੀ ਕਮੇਟੀ ਨੂੰ ਤਿਆਗੀ ਵੱਲੋਂ ਬੀਤੇ ਦਿਨੀਂ ਮੁਲਾਕਾਤ ਦੌਰਾਨ ਦਿੱਲੀ ਵਿਖੇ ਬਾਹਰੋਂ ਪੜ੍ਹਾਈ ਕਰਨ ਲਈ ਆਉਂਦੇ ਬੱਚਿਆਂ ਲਈ ਹੋਸਟਲ ਦਾ ਨਿਰਮਾਣ ਕਰਨ ਦੀ ਕੀਤੀ ਗਈ ਅਪੀਲ ਨੂੰ ਕਮੇਟੀ ਪ੍ਰਧਾਨ ਵੱਲੋਂ ਪ੍ਰਵਾਨ ਕਰਨ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਪ੍ਰੋਫੈਸਰ ਤਿਆਗੀ ਨੇ ਕਮੇਟੀ ਵੱਲੋਂ ਕੀਤੇ ਗਏ ਸਨਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਨੇ ਆਪਣੇ ਗੁਰੂ ਘਰ ਜਾਣ ਦੀ ਜਾਣਕਾਰੀ ਤਾਂ ਉਨ੍ਹਾਂ ਦੀ ਮਾਂ ਨੇ ਖੁਸ਼ੀ ਪ੍ਰਗਟਾਉਂਦੇ ਹੋਏ ਗੁਰੂ ਘਰ ਜ਼ਰੂਰ ਜਾਣ ਦੀ ਗੱਲ ਕਹੀ। ਉਨ੍ਹਾਂ ਅਪੀਲ ਕੀਤੀ ਕਿ ਕਮੇਟੀ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਨਾਲ ਹੀ ਬੱਚਿਆਂ ਨੂੰ ਨੇਕ ਇਨਸਾਨ ਬਣਾਉਣ ਦੀ ਵੀ ਜ਼ਿੰਮੇਦਾਰੀ ਨਿਭਾਵੇ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਦੂਜੇ ਧਾਰਮਿਕ ਸਥਾਨਾਂ ‘ਤੇ ਭੰਨ-ਤੋੜ ਨਾ ਕਰਕੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਰਕਾਰਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਪਵਿੱਤਰ ਅਸਥਾਨ ‘ਤੇ ਆਪਣਾ ਸੀਸ ਨਾ ਕੁਰਬਾਨ ਕੀਤਾ ਹੁੰਦਾ ਤਾਂ ਅੱਜ ਉਸ ਦੇ ਆਲੇ ਦੁਆਲੇ ਦੇ ਮੰਦਰਾਂ ਵਿੱਚ ਦੀਵੇ ਨਾ ਜਲਦੇ ਹੁੰਦੇ। ਸਿੱਖ ਕੌਮ ਦੇੇ ਧਾਰਮਿਕ ਸਥਾਨਾਂ ਦੇ ਹਮਲਾਵਰਾਂ ਦੀਆਂ ਇਤਿਹਾਸ ਵਿੱਚ ਦਰਜ਼ ਗਲਤੀਆਂ ਦੇ ਸਿੱਟੇ ਵੱਜੋਂ ਉਨ੍ਹਾਂ ਨੂੰ ਮਿਲੀਆਂ ਮੌਤ ਵਰਗੀਆਂ ਵੱਡੀਆਂ ਸਜ਼ਾਵਾਂ ਤੋਂ ਵੀ ਸੰਗਤਾਂ ਨੂੰ ਹਿਤ ਨੇ ਜਾਣੂੰ ਕਰਵਾਇਆ। ਇਸ ਮੌਕੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ, ਸਿਕਲੀਗਰ ਸਮਾਜ ਦੇ ਆਗੂ ਬਿਬੇਕ ਸਿੰਘ ਮਾਟਾ, ਬਿਜਨਸ ਸਿੱਖ ਡਾਇਰੈਕਟਰ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਅਤੇ ਬਾਰਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਵਿੱਚ 75 ਫੀਸਦੀ ਤੋਂ ਵੱਧ ਅੰਕ ਲਿਆਉਣ ਵਾਲੇ ਬੱਚਿਆਂ ਦਾ ਵੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਰਵਿੰਦਰ ਸਿੰਘ ਖੁਰਾਣਾ, ਬੀਬੀ ਧੀਰਜ ਕੌਰ, ਕੈਪਟਨ ਇੰਦਰਪ੍ਰੀਤ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਕੁਲਮੋਹਨ ਸਿੰਘ, ਜਸਬੀਰ ਸਿੰਘ ਜੱਸੀ, ਰਵੇਲ ਸਿੰਘ, ਚਮਨ ਸਿੰਘ ਸਾਹਿਬਪੁਰਾ, ਹਰਦੇਵ ਸਿੰਘ ਧਨੋਆ, ਜਤਿੰਦਰਪਾਲ ਸਿੰਘ ਗੋਲਡੀ, ਕੁਲਦੀਪ ਸਿੰਘ ਸਾਹਨੀ ਤੋਂ ਇਲਾਵਾ ਵਿਕਰਮ ਸਿੰਘ ਤੇ ਹੋਰ ਅਕਾਲੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply