
ਫਾਜਿਲਕਾ, 13 ਅਪ੍ਰੈਲ (ਵਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਖੇਤੀ ਖੇਤਰ ਨੂੰ ਸਿੰਚਾਈ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਟੇਲਾਂ ਤੇ ਪੈਂਦੇ ਪਿੰਡਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਕਰੋੜਾਂ ਰੁਪਏ ਖਰਚ ਕਰਕੇ ਪੁਰਾਣੀਆਂ ਮਾਈਨਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਗੱਲ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਪਿੰਡ ਢਿੱਪਾਂਵਾਲੀ ਵਿਖੇ ਅਰਨੀਵਾਲਾ ਮਾਈਨਰ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਮੌਕੇ ਕਹੀ। ਸ਼੍ਰੀ ਜਿਆਣੀ ਨੇ ਕਿਹਾ ਕਿ ਇਸ ਖੇਤਰ ਦੇ ਕਿਸਾਨਾਂ ਦੀ 30 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ 25 ਕਰੋੜ ਰੁਪਏ ਦੀ ਰਾਸ਼ੀ ਖਰਚ ਕਰਕੇ ਅਰਨੀਵਾਲਾ ਮਾਈਨਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਨੀਵਾਲਾ ਮਾਈਨਰ ਦੇ ਨਵੀਨੀਕਰਨ ਨਾਲ ਕਿਸਾਨਾਂ ਦੀ ਖੇਤੀ ਲਈ ਪਾਣੀ ਦੀ ਵੱਡੀ ਮੰਗ ਪੂਰੀ ਹੋ ਜਾਵੇਗੀ ਅਤੇ ਖੇਤਾਂ ਵਿਚ ਸਿੰਚਾਈ ਲਈ ਫ਼ਸਲਾਂ ਨੂੰ ਪੂਰਾ ਪਾਣੀ ਮਿਲ ਸਕੇਗਾ। ਇਸ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਲ 2007 ਵਿੱਚ ਜਦੋਂ ਅਕਾਲੀ-ਭਾਜਪਾ ਸਰਕਾਰ ਨੂੰ ਸੂਬੇ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਕਿਸਾਨਾਂ ਨੂੰ ਖੇਤੀ ਟਿਊਬਵੈਲ ਕੁਨੈਕਸ਼ਨ ਦੇਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਸੀ। ਸਾਲ 2007 ਤੋਂ ਲੈ ਕੇ ਹੁਣ ਤੱਕ 782 ਕਰੋੜ ਰੁਪਏ ਦੀ ਲਾਗਤ ਨਾਲ 2 ਲੱਖ 38 ਹਜ਼ਾਰ 869 ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ 1 ਲੱਖ 65 ਹਜ਼ਾਰ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਇਸ ਮਾਈਨਰ ਦੇ ਕਿਨਾਰਿਆਂ ਤੇ ਲੱਗੇ ਦਰਖੱਤਾਂ ਕਾਰਨ ਮਾਈਨਰ ਵਿਚ ਪਾੜ੍ਹ ਪੈਣ ਦਾ ਡਰ ਹੈ। ਇਸ ਲਈ ਇਸ ਮਾਈਨਰ ਦੇ ਵਿਚ ਆਉਂਦੇ ਦਰਖੱਤਾਂ ਨੂੰ ਪੁੱਟਣ ਲਈ ਕਿਹਾ ਗਿਆ ਹੈ ਤਾਂ ਕਿ ਮਾਈਨਰ ਵਿਚ ਪਾੜ੍ਹ ਨਾ ਪਵੇ ਅਤੇ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਆਰਥਿਕ ਨੁਕਸਾਨ ਨਾ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਨਿੱਜੀ ਸਕੱਤਰ ਸ਼੍ਰੀ ਰਾਕੇਸ਼ ਸਹਿਗਲ, ਬਲਜੀਤ ਸਹੋਤਾ ਅਤੇ ਹੋਰ ਆਗੂ ਹਾਜਰ ਸਨ।
Punjab Post Daily Online Newspaper & Print Media