Wednesday, July 22, 2026

ਵਿਦੇਸ਼ਾਂ ਵਿੱਚ ਗੁਰਧਾਮਾਂ ਦੀ ਸੁਰੱਖਿਆ ਦਾ ਮਸਲਾ ਪ੍ਰਧਾਨ ਮੰਤਰੀ ਕੋਲ ਰੱਖਾਂਗੀ – ਹਰਸਿਮਰਤ ਕੌਰ ਬਾਦਲ

PPN1804201603ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਜਰਮਨੀ ਦੇ ਏਸਨ ਸ਼ਹਿਰ ਦੇ ਗੁਰਦੁਆਰਾ ਵਿੱਚ ਹੋਏ ਧਮਾਕੇ ਦੀ ਘਟਨਾ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਗੁਰਦੁਆਰਿਆਂ ਦੀ ਸੁਰੱਖਿਆ ਦਾ ਮਸਲਾ ਉਹ ਜਲਦ ਹੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੋਲ ਰੱਖਣਗੇ। ਅੱਜ ਇੱਥੇ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨਾਲ ਵਿਦੇਸ਼ਾਂ ਵਿੱਚ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਵਿਚਾਰਨਗੇ। ਉਨ੍ਹਾਂ ਕਿਹਾ ਕਿ ਏਸਨ ਦੇ ਗੁਰਦੁਆਰੇ ਵਿਚ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਅਤੇ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੂੰ ਇਸ ਬਾਬਤ ਯੋਗ ਅਤੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਨਿੱਜੀ ਤੌਰ ‘ਤੇ ਮਿਲਕੇ ਇਸ ਸਬੰਧੀ ਅਤੇ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਵੱਧ ਰਹੇ ਨਸਲੀ ਹਮਲਿਆਂ ਦੀ ਰੋਕਥਾਮ ਲਈ ਯੋਗ ਕਾਰਵਾਈ ਦੀ ਜ਼ੋਰਦਾਰ ਅਪੀਲ ਕਰਨਗੇ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੇ ਜਾ ਰਹੇ ਵਿਦੇਸ਼ੀ ਦੌਰਿਆਂ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਦੌਰੇ ਚੋਣਾਂ ਦੀ ਆੜ ਵਿਚ ਡਾਲਰ ਉਗਰਾਹੁਣ ਤੋਂ ਛੁੱਟ ਕੁੱਝ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਪੰਜਾਬ ਦੇ ਨਾਂ ‘ਤੇ ਗੁੰਮਰਾਹ ਕਰਕੇ ਲੱਖਾਂ ਡਾਲਰ ਇਕੱਠੇ ਕਰ ਚੁੱਕੇ ਹਨ ਜਦਕਿ ਹੁਣ ਕੈਪਟਨ ਅਮਰਿੰਦਰ ਵੀ ਡਾਲਰ ਉੁਗਰਾਹੁਣ ਜਹਾਜ ਚੜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਡੁਗਡੁਗੀ ਵਜਾ ਰਿਹਾ ਹੈ ਜੋ ਕਿ ਪਾਣੀ ਵਿੱਚ ਮਧਾਣੀ ਵਾਂਗ ਹੈ ਕਿਉਂਕਿ ਕਾਂਗਰਸ ਦਾ ਰਿਮੋਟ ਦਿੱਲੀ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਕੋਲ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਪ੍ਰਤੱਖ ਲੱਗ ਚੁੱਕਾ ਹੈ ਕਿ 2017 ਵਿਚ ਉਨ੍ਹਾਂ ਨਾਲ ਬਹੁਤ ਬੁਰੀ ਹੋਣ ਵਾਲੀ ਹੈ ਜਿਸ ਕਰਕੇ ਉਹ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਉਨ੍ਹਾਂ ਦੀ ਖੂਨ-ਪਸੀਨੇ ਦੀ ਕਮਾਈ ਲੁੱਟਣ ਦਾ ਮਨ ਬਣਾਈ ਬੈਠੇ ਹਨ।ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੇ ਚਰਚਾਵਾਂ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਲਈ ਇੱਕ ਵੀ ਪ੍ਰਾਪਤੀ ਨਹੀਂ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਪਾਣੀ ਵਿੱਚ ਮਧਾਣੀ ਫੇਰ ਰਿਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਸਿਰਫ ਤੇ ਸਿਰਫ ਇਕ ਨੁਕਾਤੀ ਪ੍ਰੋਗਰਾਮ ਪੰਜਾਬ ਅਤੇ ਇਸ ਦੀ ਜਨਤਾ ਨੂੰ ਲੁੱਟਣਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਨਾਲ ਉਹ ਸੱਤਾ ਹਥਿਆਉਣ ਲਈ ਹਰ ਹੀਲਾ ਵਰਤ ਰਹੇ ਹਨ ਜਦਕਿ ਸੱਚ ਤਾਂ ਇਹ ਹੈ ਕਿ ਕਾਂਗਰਸ ਪੂਰੇ ਦੇਸ਼ ਅੰਦਰ ਬੁਰੀ ਤਰ੍ਹਾਂ ਨਕਾਰੀ ਜਾ ਚੁੱਕੀ ਹੈ ਅਤੇ ਦਿੱਲੀ ਵਿਚ ਆਪ ਦਾ ਅਸਲ ਚਿਹਰਾ ਇੱਕ ਸਾਲ ਵਿਚ ਹੀ ਲੋਕਾਂ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਦੇ ਲੋਕ ‘ਆਪ’ ਦੀ ਸਰਕਾਰ ਬਣਾਕੇ ਖੁਦ ਨੂੰ ਬੁਰੀ ਤਰ੍ਹਾਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਸਰਕਾਰ ਬਨਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਜਿਵੇਂ ਨਰਮੇ ਲਈ ਚਿੱਟਾ ਮੱਛਰ ਸਭ ਤੋਂ ਵੱਧ ਮਾਰੂ ਹੈ ਉਵੇਂ ਹੀ ਇਹ ਚਿੱਟੀ ਟੋਪੀ ਵਾਲੇ ਪੰਜਾਬ ਲਈ ਘਾਤਕ ਹੋਣਗੇ। ਪੰਜਾਬ ਦੇ ਲੋਕਾਂ ਨੂੰ ਕਾਂਗਰਸ ਅਤੇ ਆਪ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਪਿਛਲੇ 9 ਸਾਲਾਂ ਦੌਰਾਨ ਪੰਜਾਬ ਨੂੰ ਵਿਕਾਸ ਦੀਆਂ ਨਵੀਂਆਂ ਲੀਹਾਂ ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਭਲਾਈ ਸਕੀਮਾਂ ਨੂੰ ਲਾਗੂ ਕਰਨ ਅਤੇ ਵਿਕਾਸ ਦੀਆਂ ਨਵੀਂਆਂ ਪੁਲਾਂਘਾਂ ਪੁੱਟਣ ਦੇ ਮਾਮਲੇ ਵਿੱਚ ਕੋਈ ਵੀ ਸੂਬਾ ਪੰਜਾਬ ਦੇ ਬਰਾਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਪਾਰਟੀਆਂ ਦੇ ਆਗੂ ਵੋਟ ਮੰਗਣ ਆਉਣ ਤਾਂ ਉਨ੍ਹਾਂ ਤੋਂ ਉਨ੍ਹਾਂ ਦੀ ਘੱਟੋ-ਘੱਟ ਇੱਕ ਵੀ ਪ੍ਰਾਪਤੀ ਦੱਸਣ ਤੇ ਜ਼ੋਰ ਜ਼ਰੂਰ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply