Wednesday, April 29, 2026

ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੇ ਕੈਪਟਨ ਨੇ ਬੁਰੀ ਤਰ੍ਹਾਂ ਨਕਾਰਿਆ- ਹਰਸਿਮਰਤ ਕੌਰ ਬਾਦਲ

PPN2304201603

ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਨੇ ਬੁਰੀ ਤਰ੍ਹਾਂ ਨਕਾਰਦਿਆਂ ਉਸ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਹੈ।ਇਹ ਪ੍ਰਗਟਾਵਾ ਸ਼੍ਰੀਮਤੀ ਬਾਦਲ ਨੇ ਪਿੰਡ ਝੁੰਬਾ ਵਿੱਚ ਸੰਗਤ ਦਰਸ਼ਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਗੁਆਚੀ ਸਾਖ ਬਚਾਉਣ ਲਈ ਕੈਨੇਡਾ ਸਰਕਾਰ ਸਿਰ ਭਾਂਡਾ ਭੰਨ ਰਹੀ ਹੈ, ਜਦਕਿ ਅਸਲੀਅਤ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਪੰਜਾਬ ਵਿੱਚ ਹੀ ਨਹੀਂ ਸਗੋਂ ਕੈਨੇਡਾ ਵਿੱਚ ਵੀ ਬੁਰੀ ਤਰ੍ਹਾਂ ਨਕਾਰੇ ਜਾ ਚੁੱਕੇ ਹਨ।ਕੈਪਟਨ ਦੇ ਕੈਨੇਡਾ ਦੌਰੇ ਨੂੰ ਡਾਲਰ ਉਗਰਾਉਣ ਅਤੇ ਗਰਮੀ ਤੋਂ ਬਚਣ ਦਾ ਸਿਆਸੀ ਡਰਾਮਾ ਦੱਸਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦਾ ਆਮ ਲੋਕਾਂ ਨਾਲ ਕੋਈ ਬਾਹ ਬਾਸਤਾ ਨਹੀਂ ਹੈ ਉਹ ਤਾਂ ਸਿਰਫ਼ ਵੋਟ ਰਾਜਨੀਤੀ ਨੂੰ ਤਰਜੀਹ ਦਿੰਦੇ ਹਨ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਕਾਂਗਰਸੀ ਆਗੂ ਸੁਨੀਲ ਜਾਖੜ ਵੱਲੋਂ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਨਾਜ ਸਬੰਧੀ ਘਪਲੇ ਸਬੰਧੀ ਦਿੱਤੇ ਬਿਆਨ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਸਿਰਫ ਸਿਆਸਤ ਤੋਂ ਪ੍ਰੇਰਿਤ ਦੋਸ਼ ਹਨ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆੳਣ ਦਾ ਸਵਾਲ ਹੀ ਪੈਦਾ ਨਹਂੀਂ ਹੁੰਦਾ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਘਪਲਿਆਂ ਦੀ ਨੀਂਹ ਰੱਖਣ ਵਾਲੀ ਕਾਂਗਰਸ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਲੀਡਰਸ਼ਿਪ ਯੂ.ਪੀ.ਏ. ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਹੋਏ ਸਪੈਕਟਰਮ, ਕੋਇਲਾ, ਕਾਮਨਵੈਲਥ ਗੇਮਜ਼ ਆਦਿ ਘੁਟਾਲਿਆਂ ਬਾਰੇ ਲੋਕਾਂ ਨੂੰ ਦੱਸਣ। ਉਨ੍ਹਾਂ ਕਿਹਾ ਕਿ ਪੰਜ ਦਹਾਕਿਆਂ ਤੋਂ ਵੱਧ ਸਮਾਂ ਸੱਤਾ ਉੱਤੇ ਕਾਬਜ ਰਹਿਣ ਦੌਰਾਨ ਕਾਂਗਰਸ ਪਾਰਟੀ ਨੇ ਦੇਸ਼ ਨੂੰ ਦੋਵੇਂ ਹੱਥੀ ਲੁੱਟਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਣਕ ਦੀ ਅਦਾਇਗੀ ਨੂੰ ਲੈ ਕੇ ਜਾਣ ਬੁੱਝ ਕੇ ਕਿਸਾਨਾਂ ਨੂੰ ਬਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਪੰਜਾਬ ਵਿਚ ਕਣਕ ਦੀ ਖਰੀਦ ਅਤੇ ਚੁਕਾਈ ਬਹੁਤ ਹੀ ਸੁਚੱਜੇ ਤਰੀਕੇ ਨਾਲ ਚਲ ਰਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁੱਦਾ ਰਹਿਤ ਹੋਣ ਕਾਰਣ ਲੋਕਾਂ ਵਿੱਚ ਨਿੱਤ ਨਵੇਂ ਭਰਮ ਭੁਲੇਖੇ ਖੜ੍ਹੇ ਕਰ ਰਹੇ ਹਨ ਜਦਕਿ ਲੋਕ ਸਾਲ 2017 ਵਿੱਚ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ। ਕੇਂਦਰੀ ਮੰਤਰੀ ਨੇ ਝੁੰਬਾ ਪਿੰਡ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡ ਝੁੰਬਾ, ਬਾਹੋਯਾਤਰੀ ਅਤੇ ਘੁੱਦਾ ਦੀਆਂ ਸਮੱਸਿਆਵਾਂ ਸੁਣੀਆਂ। ਇਸੇ ਤਰ੍ਹਾਂ ਪਿੰਡ ਚੁੱਘੇ ਕਲਾਂ ਵਿਖੇ ਸ਼੍ਰੀਮਤੀ ਬਾਦਲ ਨੇ ਪਿੰਡਾ ਚੁੱਘੇ ਖੁਰਦ ਅਤੇ ਕਾਲਝਰਾਣੀ ਵਾਸੀਆਂ ਦੀਆਂ ਸਮੱਸਿਆਵਾਂ ਵੀ ਮੌਕੇ ‘ਤੇ ਹੱਲ ਕੀਤੀਆਂ।ਇਸ ਤੋਂ ਇਲਾਵਾ ਪਿੰਡ ਜੰਗੀਰਾਣਾ ਵਿਖੇ ਉਨ੍ਹਾਂ ਪਿੰਡ ਬਹਾਦਰਗੜ੍ਹ ਜੰਡੀਆਂ ਅਤੇ ਪਿੰਡ ਲੂਲਬਾਈ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।ਸ਼੍ਰੀਮਤੀ ਬਾਦਲ ਨੇ ਪਿੰਡ ਗਹਿਰੀ ਬੁੱਟਰ ਅਤੇ ਨਰੂਆਣਾ ਵਿਖੇ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply