ਅਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਮੰਤਰੀ ਅਨਿਲ ਜੋਸ਼ੀ ਅਤੇ ਅਕਾਲੀ ਭਾਜਪਾ ਸਰਕਾਰ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਮੈਡੀਕਲ ਵਿਭਾਗ ਵਿਚ ਕੀਤੀਆਂ ਨਿਯੁੱਕਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਆਮ ਆਦਮੀ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਡਾ. ਬਲਵੀਰ ਸਿੰਘ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਤਰੀ ਅਨਿਲ ਜੋਸ਼ੀ ਵਲੋਂ ਕੁਝ ਅਹੁੱਦਿਆਂ ‘ਤੇ ਉਨ੍ਹਾਂ ਡਾਕਟਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ, ਜੋ ਨੌਕਰੀ ਲਈ ਜਰੂਰੀ ਸ਼ਰਤਾਂ ਨੂੰ ਪੁਰਾ ਨਹੀਂ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ ਅਤੇ ਗਠਜੋੜ ਸਰਕਾਰ ਦੇ ਮੰਤਰੀ ਕਾਨੂੰਨ ਤੋਂ ਆਪਣੇ ਆਪ ਨੂੰ ਭਾਰਤ ਦੇ ਕਾਨੂੰਨ ਤੋਂ ਉਪਰ ਸਮਝਦੇ ਹਨ। ਛੋਟੇਪੁਰ ਨੇ ਕਿਹਾ ਕਿ ਪਟਿਆਲਾ ਦੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬਚਨ ਲਾਲ ਭਾਰਦਵਾਜ ਨੂੰ ਮੈਰਿਟ ਸੂਚੀ ਵਿਚ 35ਵੇਂ ਨੰਬਰ ‘ਤੇ ਹੋਣ ਦੇ ਬਾਵਜੂਦ ਵੀ ਨਿਯੁੱਕਤ ਕੀਤਾ ਗਿਆ।ਇਹ ਸਿੱਧੇ ਤੌਰ ‘ਤੇ ਉਨ੍ਹਾਂ ਤੋਂ ਜਿਆਦਾ ਕਾਬਲੀਅਤ ਰੱਖਣ ਵਾਲੇ ਦੂਜੇ ਉਮੀਦਵਾਰਾਂ ਦੇ ਨਾਲ ਵਿਤਕਰਾ ਕੀਤਾ ਗਿਆ ਅਤੇ ਨਾਲ ਹੀ ਅਨਿਲ ਜੋਸ਼ੀ ਦੇ ਨਿਰਦੇਸ਼ਾਂ ਤੇ ਕੀਤੀ ਗਈ ਨਿਯੁੱਕਤੀ ਪੰਜਾਬ ਮੈਡੀਕਲ ਐਜੂਕੇਸ਼ਨ ਸਰਵਿਸ ਕਾਨੂੰਨ 2016 ਦੇ ਅਨੁਸਾਰ ਗੈਰ ਕਾਨੂੰਨੀ ਹੈ।
ਇਸੇ ਤਰ੍ਹਾਂ ਹੀ ਡਾ. ਭੁਪਿੰਦਰ ਸਿੰਘ ਬਰਾੜ ਨੂੰ ਵੀ ਗਲਤ ਤਰੀਕੇ ਨਾਲ ਸੀਨੀਅਰਤਾ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੇ ਬਾਵਜੂਦ ਵੀ ਪਟਿਆਲਾ ਮੈਡੀਕਲ ਕਾਲੇਜ ਦਾ ਮੈਡੀਕਲ ਸੁਪਰੀਡੈਂਟ ਨਿਯੁੱਕਤ ਕੀਤਾ ਗਿਆ। ਇਸ ਅਹੁੱਦੇ ਦੇ ਲਈ ਘੱਟੋ ਘਟ 5 ਸਾਲ ਦਾ ਤਜਰਬਾ ਹੋਣਾ ਜਰੂਰੀ ਸੀ, ਜੋ ਕਿ ਉਹ ਪੁਰਾ ਨਹੀਂ ਕਰਦੇ ਸਨ। ਡਾ. ਬਲਵੀਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਪਾਲ ਸਿੰਘ ਦੀ ਨਿਯੁੱਕਤੀ ਵੀ ਨਿਯਮਾਂ ਦੇ ਵਿਰੁੱਧ ਕੀਤੀ ਗਈ। ਡਾ. ਬਲਜਿੰਦਰ ਦਾ ਲਿਸਟ ਵਿਚ ਨਾਂ 21ਵੇਂ ਨੰਬਰ ‘ਤੇ ਸੀ, ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਡਾ. ਬਲਜਿੰਦਰ ਪਾਲ ਸਿੰਘ ਅਨਿਲ ਜੋਸ਼ੀ ਦੇ ਖਾਸਮਖਾਸ ਤੇ ਅਤੇ ਗੁਆਂਢੀ ਹਨ। ਆਪ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਵਲੋਂ ਨਿਯਮਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਅਤੇ ਕਾਬਲੀਅਤ ਰੱਖਣ ਵਾਲੇ ਉਮੀਦਵਾਰਾਂ ਦੀ ਬਜ਼ਾਏ ਆਪਣੇ ਨੇੜਲੇ ਅਤੇ ਚਹੇਤਿਆਂ ਨੂੰ ਉਨ੍ਹਾਂ ਅਹੁੱਦਿਆਂ ‘ਤੇ ਨਿਯੁੱਕਤ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਭੇਦਭਾਵ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਪਾਰਟੀ ਕਾਬਲੀਅਤ ਰੱਖਣ ਵਾਲੇ ਉਮੀਦਵਾਰਾਂ ਦੇ ਹੱਕ ਵਿਚ ਅਵਾਜ ਉਠਾਉਂਦੀ ਰਹੇਗੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media