Friday, March 20, 2026

ਸਿੱਖ ਕੌਮ ਪ੍ਰੋ: ਦਰਸ਼ਨ ਸਿੰਘ ਦਾ ਸਮਾਜਿਕ ਬਾਈਕਾਟ ਕਰੇ – ਫੈਡਰੇਸ਼ਨ ਮਹਿਤਾ

ਪੰਥ ਵਿਰੋਧੀ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਸੇਖੋਂ, ਢੋਟ

PPN1005201614ਅੰਮ੍ਰਿਤਸਰ, 10 ਮਈ (ਜਗਦੀਪ ਸਿੰਘ ਸੱਗੂ) – ਸਿੱਖ ਸਟੂਡੈਂਟ ਫੈਡਰੇਸ਼ਲ ਮਹਿਤਾ ਦੀ ਇੱਕ ਜਰੂਰੀ ਇਕੱਤਰਤਾ ਰਣਜੀਤ ਗਾਰਡ, ਅੰਮ੍ਰਿਤਸਰ ਵਿਖੇ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ ਅਤੇ ਗਗਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਉਚੇਚੇ ਤੌਰ ਤੇ ਫੈਡਰੇਸ਼ਨ ਦੇ ਨਵ-ਨਿਯੁੱਕਤ ਕਾਰਜਕਾਰੀ ਪ੍ਰਧਾਨ ਭਾਈ ਲਖਬੀਰ ਸਿੰਘ ਸੇਖੋਂ ਪਹੁੰਚੇ। ਮੀਟਿੰਗ ਦੌਰਾਨ ਫੈਡਰੇਸ਼ਨ ਦੇ ਢਾਂਚੇ ਦੇ ਪਸਾਰ ਅਤੇ ਪਿਛਲੇ ਸਮੇਂ ਦੌਰਾਨ ਸਿੱਖ ਪੰਥ ਨੂੰ ਦਰਪੇਸ਼ ਰਹੀਆਂ ਸਮੱਸਿਆਵਾਂ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਤਾਂ ਜੋ ਅਜਿਹੀਆਂ ਸਮੱਸਿਆਵਾਂ ਭਵਿੱਖ ਵਿੱਚ ਨਾ ਆਉਣ।ਮੀਟਿੰਗ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਭਾਈ ਲਖਬੀਰ ਸਿੰਘ ਸੇਖੋਂ ਨੇ ਕਿਹਾ ਕਿ ਫੈਡਰੇਸ਼ਨ ਦੇ ਢਾਂਚੇ ਨੂੰ ਪੁਨਰ ਸੁਰਜੀਤ ਕਰਨ ਲਈ ਜਿਲ੍ਹਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਗਈ ਹੈ। ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਮੀਟਿੰਗਾਂ ਕਰਨ ਉਪਰੰਤ ਫੈਡਰੇਸ਼ਨ ਦੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ। ਸੇਖੋਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫੈਡਰੇਸ਼ਨ ਮਹਿਤਾ ਆਪਣੇ ਪੁਰਾਣੇ ਰੂਪ ਵਿੱਚ ਦਿਖੇਗੀ ਅਤੇ ਸਿੱਖ ਪੰਥ ਨਾਲ ਸਬੰਧਤ ਹਰੇਕ ਮਸਲੇ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਕੁੱਝ ਤਾਕਤਾਂ ਵੱਲੋਂ ਪੰਥ ਵਿੱਚ ਬਿਖੇੜਾ ਖੜਾ ਕਰਕੇ ਪੰਥ ਨੂੰ ਦੋਫਾੜ ਕਰਨ ਦੀਆਂ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਭਾਈ ਸੇਖੋਂ ਨੇ ਪ੍ਰੋ: ਦਰਸ਼ਨ ਸਿੰਘ ਵੱਲੋਂ ਗੁਰੂ ਸਾਹਿਬ ਵੱਲੋਂ ਅੰਮ੍ਰਿਤ ਛਕਣ ਦੀ ਚਲਾਈ ਮਰਿਆਦਾ ਨੂੰ ਬਦਲਣ ਦਾ ਤਿੱਖਾ ਨੋਟਿਸ ਲੈਂਦਿਆਂ ਕਿਹਾ ਕਿ ਸਦੀਆਂ ਤੋਂ ਚਲੀ ਆ ਰਹੀ ਮਰਿਆਦਾ ‘ਤੇ ਅੱਜ ਤੱਕ ਕਿਸੇ ਨੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ, ਪ੍ਰੰਤੂ ਦਰਸ਼ਨ ਸਿੰਘ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਸਿੱਖ ਕੌਮ ਵਿੱਚ ਦੁਬਿਧਾ ਪਾਉਣੀ ਚਾਹੁੰਦਾ ਹੈ।ਉਨ੍ਹਾਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਦਰਸ਼ਨ ਸਿੰਘ ਨੂੰ ਮੂੰਹ ਨਾ ਲਾਉਣ।ਉਨ੍ਹਾਂ ਕਿਹਾ ਕਿ ਅਜਿਹੇ ਕਾਰੇ ਲਈ ਸਿੱਖ ਕੌਮ ਦਰਸ਼ਨ ਸਿੰਘ ਨੂੰ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਕਿ ਦਰਸ਼ਨ ਸਿੰਘ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜਣ ਦਾ ਹੁਕਮਨਾਮਾ ਜਾਰੀ ਕੀਤਾ ਜਾਵੇ।
ਇਸ ਮੌਕੇ ਬੋਲਦਿਆਂ ਭਾਈ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਕੁੱਝ ਪੰਥ ਵਿਰੋਧੀ ਤਾਕਤਾਂ ਕੌਮ ਵਿੱਚ ਵੰਡੀਆਂ ਪਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਹਨ।ਫੈਡਰੇਸ਼ਨ ਇੰਨ੍ਹਾਂ ਦੇ ਮਨਸੂਬਿਆਂ ਨੁੰ ਕਦੀ ਕਾਮਯਾਬ ਨਹੀਂ ਹੋਣ ਦੇਵੇਗੀ।ਉਨ੍ਹਾਂ ਸਹਿਜਧਾਰੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਨਾ ਦੇਣ ਦੀ ਸ਼ਲਾਘਾ ਕਰਦਿਆਂ ਬਿੱਲ ਪਾਸ ਹੋਣ ‘ਤੇ ਖੁਸ਼ੀ ਪ੍ਰਗਟਾਈ।ਢੋਟ ਨੇ ਕਿਹਾ ਕਿ ਅੱਜ ਪਤਿਤ ਸਿੱਖ ਆਪਣੇ ਆਪ ਨੂੰ ਸਹਿਜਧਾਰੀ ਸਿੱਖ ਸਮਝਣ ਲੱਗ ਪਏ ਹਨ, ਜਦਕਿ ਸਹਿਜਧਾਰੀ ਕਿਸੇ ਦੂਸਰੇ ਧਰਮ ਵਿੱਚ ਜਨਮ ਲੈ ਕੇ ਸਿੱਖ ਧਰਮ ਵਿੱਚ ਵਿਸ਼ਵਾਸ਼ ਰੱਖਣ ਵਾਲੇ ਨੂੰ ਕਿਹਾ ਜਾਂਦਾ ਹੈ।ਇਸ ਸਮੇਂ ਕੌਮੀ ਪ੍ਰਧਾਨ ਲਖਬੀਰ ਸਿੰਘ ਸੇਖੋਂ ਨੂੰ ਜਿਲਾ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ, ਮਨਜੀਤ ਸਿੰਘ ਬਾਠ, ਗੁਰਦੀਪ ਸਿੰਘ ਸੁਰਸਿੰਘ, ਜਗਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ ਰਾਜੋਕੇ, ਮਨਜੀਤ ਸਿੰਘ ਬੂਟਾ, ਸੁਰਜੀਤ ਸਿੰਘ ਗਿੱਲ, ਭੁਪਿੰਦਰ ਸਿੰਘ ਮਾਹਲ, ਨਵਦੀਪ ਸਿੰਘ ਲਵਲੀ, ਤੇਜਿੰਦਰਪਾਲ ਸਿੰਘ ਡਿੰਪੀ, ਸਤਵਿੰਦਰ ਸਿੰਘ ਬੱਬਰ, ਨਵਤੇਜ ਸਿੰਘ ਕਲਕੱਤਾ, ਕੁਲਵਿੰਦਰ ਸਿੰਘ ਢੋਟ, ਜਗਪ੍ਰੀਤ ਸਿੰਘ ਮਨੀ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply